ਚੰਡੀਗੜ੍ਹ : ਇੰਡਸਟਰੀਆਂ ਵੱਲੋਂ ਰਹਿੰਦ-ਖੂਹੰਦ ਦਰਿਆਈ ਪਾਣੀਆਂ ਵਿੱਚ ਸੁੱਟਣ ਕਰਕੇ ਵੱਡੀ ਪੱਧਰ ‘ਤੇ ਪਾਣੀ ਦੇ ਗੰਧਲੇ ਹੋਣ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੂੰ ਕਿਹਾ ਕਿ ਉਹ ਇਸ ‘ਤੇ ਰੋਕ ਲਾਉਣ ਲਈ ਕਦਮ ਚੁੱਕੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੂੰ ਦਰਿਆਈ ਪਾਣੀਆਂ ਦੀ ਸਫਾਈ ਵਾਸਤੇ ਨੀਤੀ ਲਿਆਉਣੀ ਚਾਹੀਦੀ ਹੈ ਤੇ ਪ੍ਰਦੂਸ਼ਣਕਾਰੀਆਂ ਦੇ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ ਲਾਗੂ ਕਰਨੀ ਚਾਹੀਦੀ ਸੀ।
ਸੁਖਬੀਰ ਬਾਦਲ ਨੇ ਕਿਹਾ ਕਿ ਅਜਿਹੀਆਂ ਕਈ ਰਿਪੋਰਟਾਂ ਆ ਰਹੀਆਂ ਹਨ ਕਿ ਕਾਲੇ ਰੰਗ ਦਾ ਪਾਣੀ ਹਰੀਕੇ ਹੈਡਵਰਕਸ ਤੋਂ ਨਿਕਲਦੀ ਫਿਰੋਜ਼ਪੁਰ ਫੀਡਰ ਨਹਿਰ ਵਿਚ ਸੁੱਟਿਆ ਜਾ ਰਿਹਾ ਹੈ, ਜਿਸ ਕਰਕੇ ਜ਼ਿਲ੍ਹੇ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਉਹਨਾਂ ਕਿਹਾ ਕਿ ਪ੍ਰਦੁਸ਼ਿਤ ਪਾਣੀ ਨਾ ਸਿਰਫ ਖੇਤੀਬਾੜੀ ਪੈਦਾਵਾਰ ’ਤੇ ਅਸਰ ਪਾਏਗਾ ਬਲਕਿ ਇਸ ਨਾਲ ਬੀਮਾਰੀਆਂ ਵੀ ਫੈਲਣਗੀਆਂ। ਕੁਝ ਲੋਕ ਨਹਿਰੀ ਪਾਣੀ ਨੂੰ ਪੀਣ ਵਾਸਤੇ ਵੀ ਵਰਤਦੇ ਹਨ, ਜੋਕਿ ਉਨ੍ਹਾਂ ਦੀ ਸਿਹਤ ਵਾਸਤੇ ਖਤਰਨਾਕ ਹੈ।
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਕਈ ਦਿਨਾਂ ਤੋਂ ਹਰੀਕੇ ਹੈਡਵਰਕਸ ਜਿਥੇ ਸਤੁਲਜ ਤੇ ਬਿਆਸ ਰਲਦੀਆਂ ਹਨ, ਦੇ ਪਾਣੀ ਵਿੱਚ ਪ੍ਰਦੂਸ਼ਣ ਦੀਆਂ ਰਿਪੋਰਟਾਂ ਆਉਣ ਦੇ ਬਾਵਜੂਦ ਅਜੇ ਤੱਕ ਇਸ ਨੂੰ ਰੋਕਣ ਲਈ ਕੋਈ ਕੋਈ ਕਦਮ ਨਹੀਂ ਚੁੱਕਿਆ ਗਿਆ।
ਉਹਨਾਂ ਕਿਹਾ ਕਿ ਅਜਿਹੀਆਂ ਵੀ ਰਿਪੋਰਟਾਂ ਹਨ ਕਿ ਇੰਡਸਟਰੀ ਦਾ ਰਹਿੰਦ-ਖੂਹੰਦ ਵੱਡੀ ਪੱਧਰ ’ਤੇ ਲੁਧਿਆਣਾ ਦੇ ਬੁੱਢੇ ਨਾਲੇ ਵਿਚ ਸੁੱਟਿਆ ਜਾਂਦਾ ਹੈ ਜੋ ਅੱਗੇ ਜਾ ਕੇ ਹਰੀਕੇ ਵਿਚ ਸਤਲੁਜ ਤੇ ਬਿਆਸ ਵਿਚ ਰਲਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਮਾਲਪੁਰ ਟ੍ਰੀਟਮੈਂਟ ਪ੍ਰਾਜੈਕਟ ਜੋ ਘਰੇਲੂ ਸੀਵਰੇਜ ਦਰਿਆਈ ਪਾਣੀ ਵਿਚ ਪੈਣ ਕਰਕੇ ਹੁੰਦੇ ਪ੍ਰਦੂਸ਼ਣ ਨੂੰ ਹੱਲ ਕਰਨ ਵਾਸਤੇ ਬਣਾਇਆ ਪ੍ਰਾਜੈਕਟ ਹੈ, ਨੂੰ ਚਾਲੂ ਕਰਨ ਵਿਚ ਕੋਈ ਕਾਹਲ ਨਹੀਂ ਵਿਖਾ ਰਹੀ। ਉਨ੍ਹਾਂ ਕਿਹਾ ਕਿ ਡੇਅਰੀ ਦੀ ਰਹਿੰਦ-ਖੂਹੰਦ ਵੀ ਦਰਿਆਈ ਪਾਣੀ ਵਿੱਚ ਸੁੱਟੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਉਹਨਾਂ ਕਿਹਾ ਕਿ ਜਲ ਸਰੋਤ ਵਿਭਾਗ ਨੇ ਲੋਕਾਂ ਨੂੰ ਇਹ ਪਾਣੀ ਪੀਣ ਵਾਸਤੇ ਨਾ ਵਰਤਣ ਸੰਬੰਧੀ ਅਡਵਾਇਜ਼ਰੀ ਜਾਰੀ ਕੀਤੀ ਹੈ ਪਰ ਪ੍ਰਦੂਸ਼ਣ ਕੰਟਰੋਲ ਬੋਰਡ ਦਰਿਆਈ ਪਾਣੀ ਵਿਚ ਇੰਡਸਟਰੀ ਦੀ ਰਹਿੰਦ ਖੂਹੰਦ ਰੋਕਣ ਲਈ ਜ਼ਿੰਮੇਵਾਰ ਹੈ ਜਦੋਂਕਿ ਉਹ ਇਹ ਦਾਅਵਾ ਕਰ ਰਿਹਾ ਹੈ ਕਿ ਇਹ ਪਾਣੀ ਟ੍ਰੀਟਮੈਂਟ ਤੋਂ ਬਾਅਦ ਪੀਣਯੋਗ ਹੈ।