ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦਾ ਅੱਜ ਦੇਹਾਂਤ ਹੋ ਗਿਆ। ਉੁਨ੍ਹਾਂ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਿਆ। ਫੇਫੜਿਆਂ ਵਿਚ ਇੰਫੈਕਸ਼ਨ ਵਧ ਜਾਣ ਕਾਰਨ ਉਹ ਬੀਤੇ ਕਈ ਮਹੀਨਿਆਂ ਤੋਂ ਬੀਮਾਰ ਸਨ ਤੇ ਕੁਝ ਦਿਨ ਪਹਿਲਾਂ ਹੀ ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਤੋਤਾ ਸਿੰਘ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਮੀਤ ਪ੍ਰਧਾਨ, ਸਾਬਕਾ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਤੋਤਾ ਸਿੰਘ ਜੀ ਦੇ ਅਕਾਲ ਚਲਾਣੇ ‘ਤੇ ਸਮੁੱਚੇ ਪਰਿਵਾਰ ਅਤੇ ਪਾਰਟੀ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ। ਉਨ੍ਹਾਂ ਦੇ ਜਾਣ ਨਾਲ ਜਿੱਥੇ ਪੰਜਾਬ ਅਤੇ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਮੈਂ ਨਿੱਜੀ ਤੌਰ ‘ਤੇ ਇੱਕ ਚੰਗੇ ਮਾਰਗਦਰਸ਼ਕ ਦੀ ਕਮੀ ਮਹਿਸੂਸ ਕਰਾਂਗਾ। ਉਨ੍ਹਾਂ ਕਿਹਾ ਕਿ ਸੀਨੀਅਰ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਜੀ ਦੇ ਅਕਾਲ ਚਲਾਣੇ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਜਥੇਦਾਰ ਸਾਹਿਬ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਸਨ। ਮੈਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜਾ ਹਾਂ।
ਜਥੇਦਾਰ ਤੋਤਾ ਸਿੰਘ ਪੰਜਾਬ ਦੇ ਇੱਕ ਸੀਨੀਅਰ ਰਾਜਨੇਤਾ ਸਨ ਜਿਨ੍ਹਾਂ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ 1960 ਤੋਂ ਕੀਤੀ ਸੀ। 1960 ਵਿਚ ਉਨ੍ਹਾਂ ਨੇ ਜੱਦੀ ਪਿੰਡ ਦੀਦਾਰੇਵਾਲਾ ਦੇ ਸਰਪੰਚ ਦੀ ਚੋਣ ਲੜੀ ਤੇ ਜਿੱਤ ਗਏ। 1969 ਵਿਚ ਉਹ ਫਿਰੋਜ਼ਪੁਰ ਵਿਚ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚੁਣੇ ਗਏ। 17 ਸਾਲ ਤੱਕ ਉਨ੍ਹਾਂ ਨੇ ਇਹ ਅਹੁਦਾ ਸੰਭਾਲਿਆ। 1978 ਵਿਚ ਉਹ ਅਕਾਲੀ ਦਲ ਦੇ ਕੇਂਦਰੀ ਕਾਰਜਕਾਰੀ ਮੈਂਬਰ ਵਜੋਂ ਚੁਣੇ ਗਏ। 1979 ਵਿਚ ਉਹ ਐੱਸਜੀਪੀਸੀ ਦੇ ਮੈਂਬਰ ਬਣੇ। ਉਨ੍ਹਾਂ ਨੂੰ ਸਿੱਖਿਆ ਸੰਮਤੀ ਦਾ ਸੀਨੀਅਰ ਉਪ ਪ੍ਰਧਾਨ ਤੇ ਮੁਖੀ ਬਣਾਇਆ ਗਿਆ ਤੇ 17 ਸਾਲ ਤੱਕ ਉਹ ਇਸ ਅਹੁਦੇ ‘ਤੇ ਰਹੇ।
ਜਥੇ. ਤੋਤਾ ਸਿੰਘ ਨੇ 5 ਮਈ 2012 ਨੂੰ ਖੇਤੀਬਾੜੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ‘ਤੇ ਮੰਤਰੀ ਵਜੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਅਧਿਕਾਰਕ ਮਸ਼ੀਨਰੀ ਦੇ ਗਲਤ ਇਸਤੇਮਾਲ ਦੇ ਦੋਸ਼ ਲੱਗੇ ਸਨ।ਅਦਾਲਤ ਵੱਲੋਂ ਇੱਕ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਜਿਸ ਤੋਂ ਬਾਅਦ ਉਨ੍ਹਾਂ ਨੇ ਕੈਬਨਿਟ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: