ਜਵਾਨ ਪੁੱਤ ਦੀ ਮੌਤ ਦਾ ਸਦਮਾ ਝੱਲ ਰਹੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਹੁਣ ਇਨਸਾਫ ਲੈਣ ਲਈ ਇਧਰ-ਉਧਰ ਭਟਕ ਰਹੇ ਹਨ। ਸਰਕਾਰਾਂ ਤੋਂ ਇਸ ਦੀ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਹਨ ਤਾਂ ਜੋ ਕਾਤਲਾਂ ਨੂੰ ਸਜ਼ਾ ਦਿਵਾਈ ਜਾ ਸਕੇ। ਇਸੇ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਅਮਿਤ ਸ਼ਾਹ ਨੂੰ ਮਿਲੇ, ਜੋ ਅੱਜ ਚੰਡੀਗੜ੍ਹ ਦੌਰੇ ‘ਤੇ ਆਏ ਹੋਏ ਹਨ।ਇਸ ਦੌਰਾਨ ਉਹ ਭਾਵੁਕ ਹੋ ਗਏ ਤੇ ਰੋਣ ਲੱਗ ਗਏ। ਦੱਸ ਦੇਈਏ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਸ ਬੈਠਕ ਦੌਰਾਨ ਉਥੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ, ਗਜੇਂਦਰ ਸ਼ੇਖਾਵਤ ਸਣੇ ਹੋਰ ਵੀ ਭਾਜਪਾ ਆਗੂ ਮੌਜੂਦ ਸਨ। ਗਜੇਂਦਰ ਸ਼ੇਖਾਵਤ ਮੂਸਾ ਪਿੰਡ ਵੀ ਸਿੱਧੂ ਮੂਸੇਵਾਲਾ ਦੀ ਮੌਤ ਦਾ ਅਫਸੋਸ ਕਰਨ ਗਏ ਸਨ। ਉਨ੍ਹਾਂ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਇਸ ਕਤਲ ਦੀ ਜਾਂਚ NIA ਜਾਂ CBI ਤੋਂ ਕਰਵਾਉਣ ਦੀ ਮੰਗ ਕੀਤੀ।
ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮਾਨ ਸਰਕਾਰ ਤੋਂ ਮੰਗ ਕੀਤੀ ਸੀ ਕਿ ਉਹ ਇਸ ਕਤਲ ਦੀ ਜਾਂਚ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਅਤੇ ਕੇਂਦਰੀ ਏਜੰਸੀਆਂ ਦੀ ਮਦਦ ਵੀ ਲੈਣ। ਹਾਲਾਂਕਿ ਪੰਜਾਬ ਸਰਕਾਰ ਨੇ ਵੀ ਉਨ੍ਹਾਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਸੀ।
ਪਰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ। ਮੂਸੇਵਾਲਾ ਦੀ ਪਿਤਾ ਦੀ ਮੰਗ ‘ਤੇ ਪੰਜਾਬ ਸਰਕਾਰ ਨੇ ਹਾਈਕੋਰਟ ਰਜਿਸਟਰਾਰ ਨੂੰ ਚਿੱਠੀ ਭੇਜੀ ਸੀ। ਸਰਕਾਰ ਨੂੰ ਦਿੱਤੇ ਜਵਾਬ ਵਿਚ ਕਿਹਾ ਗਿਆ ਕਿ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਕਿ ਹਾਈਕੋਰਟ ਕਿਸੇ ਸਿਟਿੰਗ ਜੱਜ ਨੂੰ ਅਜਿਹੇ ਮਾਮਲੇ ਵਿਚ ਜਾਂਚ ਲਈ ਕਹੇ।
ਵੀਡੀਓ ਲਈ ਕਲਿੱਕ ਕਰੋ -: