ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਮਾਪੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ। ਇਸ ਮੌਕੇ ਸ਼ਾਹ ਨੇ ਕਿਹਾ ਕਿ ਲਾਅ ਐਂਡ ਆਰਡਰ ਸੂਬਾ ਸਰਕਾਰ ਦਾ ਵਿਸ਼ਾ ਹੈ। ਜੇਕਰ ਪੰਜਾਬ ਸਰਕਾਰ ਸਿਫਾਰਸ਼ ਕਰੇ ਤਾਂ ਕੇਂਦਰ ਸੀਬੀਆਈ ਜਾਂਚ ਲਈ ਤਿਆਰ ਹੈ।
ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮੂਸੇਵਾਲਾ ਹੱਤਿਆਕਾਂਡ ਪ੍ਰਤੀ ਸ਼ਾਹ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪਰਿਵਾਰ ਜੋ ਕਹੇਗਾ, ਉਹ ਕਰਨ ਨੂੰ ਤਿਆਰ ਹਨ। ਇਸ ਲਈ ਪੰਜਾਬ ਪੁਲਿਸ ਤੋਂ ਜਲਦ ਨਤੀਜੇ ਨਾ ਮਿਲੇ ਤਾਂ ਸੂਬਾ ਸਰਕਾਰ ਸੀਬੀਆਈ ਜਾਂਚ ਦੀ ਸਿਫਾਰਸ਼ ਕਰ ਸਕਦੀ ਹੈ।
ਦੱਸ ਦੇਈਏ ਕਿ ਮੂਸੇਵਾਲਾ ਦੀ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਚ ਕਤਲ ਕਰ ਦਿੱਤਾ ਗਿਆ ਸੀ। ਕੋਰੋਲਾ ਤੇ ਬਲੈਰੋ ਸਵਾਰ ਸ਼ਾਰਪ ਸ਼ੂਟਰਸ ਨੇ ਉਨ੍ਹਾਂ ਨੂੰ ਤਾਬੜਤੋੜ ਗੋਲੀਆਂ ਮਾਰੀਆਂ। ਇਸ ਘਟਨਾ ਨੂੰ 7 ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਕਾਤਲਾਂ ਦਾ ਪਤਾ ਨਹੀਂ ਲੱਗਾ ਹੈ। ਕੈਨੇਡਾ ਬੈਠੇ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਪਰ ਪੁਲਿਸ ਅਜੇ ਤਕ ਪੂਰੀ ਸਾਜ਼ਿਸ਼ ਦਾ ਖੁਲਾਸਾ ਨਹੀਂ ਕਰ ਸਕੀ ਹੈ।
ਮੂਸੇਵਾਲਾ ਦੇ ਪਰਿਵਾਰ ਨੇ ਹੱਤਿਆਕਾਂਡ ਦੀ ਜਾਂਚ ਹਾਈਕੋਰਟ ਦੇ ਸੀਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਸੀ। ਹਾਈਕੋਰਟ ਨੇ ਜੱਜਾਂ ਦੀ ਕਮੀ ਤੇ ਪੈਂਡਿੰਗ ਕੇਸਾਂ ਦਾ ਹਵਾਲਾ ਦਿੰਦੇ ਹੋਏ ਇਸ ਤੋਂ ਇਨਕਾਰ ਕਰ ਦਿੱਤਾ। ਮੂਸੇਵਾਲਾ ਹੱਤਿਆਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਬੁਰੀ ਤਰ੍ਹਾਂ ਘਿਰ ਚੁੱਕੀ ਹੈ। ਇਸ ਲਈ ਹਫਤੇ ਭਰ ਵਿਚ ਹੀ ਪੰਜਾਬ ਸਰਕਾਰ ਨੂੰ ਸਿਟ ਬਦਲਣੀ ਪਈ। ਹੁਣ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਜਾਂਚ ਸੌਂਪੀ ਗਈ ਹੈ ਜਿਸ ਦੀ ਨਿਗਰਾਨੀ ਏਡੀਜੀਪੀ ਪ੍ਰਮੋਨ ਬਾਨ ਕਰਨਗੇ। ਇਸ ਵਿਚ ਪੀਏਪੀ ਦੇ ਆਈਜੀ ਜਸਕਰਨ ਸਿੰਘ ਤੇ ਏਜੀਟੀਐੱਫ ਦੇ ਏਆਈਜੀ ਗੁਰਮੀਤ ਚੌਹਾਨ ਤੋਂ ਇਲਾਵਾ 5 ਹੋਰ ਮੈਂਬਰ ਹਨ ਪਰ ਅਜੇ ਤੱਕ ਪੰਜਾਬ ਪੁਲਿਸ ਦੇ ਹੱਥ ਕੋਈ ਠੋਸ ਸੁਰਾਗ ਨਹੀਂ ਲੱਗਾ ਹੈ।
ਵੀਡੀਓ ਲਈ ਕਲਿੱਕ ਕਰੋ -: