ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਸਬੰਧਤ ਗੈਂਗਸਟਰਾਂ ਨੂੰ ਫੜਨ ਲਈ ਪੰਜਾਬ ਪੁਲਿਸ ਵੱਲੋਂ ਜ਼ਿਲ੍ਹਾ ਪੱਧਰ ‘ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਪੰਜਾਬ ਪੁਲਿਸ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਗੈਂਗਸਟਰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਬਠਿੰਡਾ, ਮੋਗਾ ਤੇ ਫਰੀਦਕੋਟ ਤੋਂ ਵੀ ਕਈ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ।
ਗੈਂਗਸਟਰ ਦੀ ਪਛਾਣ ਗੁਰਦੀਪ ਸਿੰਘ ਉਰਫ ਗੀਟਾ ਵਜੋਂ ਹੋਈ ਹੈ ਤੇ ਉਸ ਨੂੰ ਥਾਣਾ ਲੰਬੀ ਅਧੀਨ ਪੈਂਦੇ ਪਿੰਡ ਵੜਿੰਗ ਖੇੜਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਆਈਜੀ ਰੇਂਜ ਫਰੀਦਕੋਟ ਸ਼੍ਰੀ ਪੀਕੇ ਯਾਦਵ ਨੇ ਦੱਸਿਆ ਕਿ ਗੁਰਦੀਪ ਸਿੰਘ ‘ਤੇ ਪਹਿਲਾਂ ਤੋਂ ਹੀ ਕਈ ਮੁਕੱਦਮੇ ਦਰਜ ਹਨ। ਗੀਟਾ ਗੈਂਗਸਟਰਾਂ ਨੂੰ ਅਸਲਾ ਪਹੁੰਚਾਉਣ ਦਾ ਕੰਮ ਕਰਦਾ ਸੀ ਤੇ ਜੇਲ੍ਹ ਵਿਚ ਬੰਦ ਗੈਂਗਸਟਰਾਂ ਨਾਲ ਲਗਾਤਾਰ ਸੰਪਰਕ ਵਿਚ ਰਹਿੰਦਾ ਸੀ। ਗੁਰਦੀਪ ਸਿੰਘ ਗੀਟਾ ਗੈਂਗਸਟਰਾਂ ਦੇ ਇਸ਼ਾਰਿਆਂ ‘ਤੇ ਅਸਲਾ ਅੱਗੇ ਸਪਲਾਈ ਕਰਦਾ ਸੀ।
ਆਈਜੀ ਰੇਂਜ ਫਰੀਦਕੋਟ ਪੀਕੇ ਯਾਦਵ ਨੇ ਦੱਸਿਆ ਕਿ ਪੂਰੇ ਨੈਟਵਰਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਪੁੱਛਗਿਛ ਜਾਰੀ ਹੈ। ਗੁਰਦੀਪ ਸਿੰਘ ਗੀਟਾ ਗੋਲਡੀ ਬਰਾੜ ਦੇ ਇਸ਼ਾਰੇ ‘ਤੇ ਅਸਲਾ ਪਹੁੰਚਾਉਂਦਾ ਸੀ ਤੇ ਇਹ ਅਸਲਾ ਕਿਸੇ ਵਾਰਦਾਤ ਵਿਚ ਇਸਤੇਮਾਲ ਹੋਇਆ ਹੈ ਜਾਂ ਨਹੀਂ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਗੁਰਦੀਪ ਨੂੰ ਇਹ ਅਸਲਾ ਜੇਲ੍ਹ ਵਿਚ ਬੰਦ ਇੱਕ ਹੋਰ ਗੈਂਗਸਟਰ ਤੋਂ ਮਿਲਦਾ ਸੀ। ਗੁਰਦੀਪ ਸਿੰਘ ਗੀਟੇ ਨੇ ਖੁਲਾਸਾ ਕੀਤਾ ਕਿ ਉਸ ਨੂੰ ਇਹ ਅਸਲਾ ਕਦੇ ਦਿੱਲੀ ਤੇ ਕਦੇ ਰਾਜਸਥਾਨ ਤੋਂ ਵੀ ਮਿਲਦਾ ਸੀ ਜਿਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਸਾਰੀਆਂ ਥਾਵਾਂ ਨੂੰ ਹੁਣ ਪੰਜਾਬ ਪੁਲਿਸ ਵੱਲੋਂ ਖੰਗਾਲਿਆ ਜਾਵੇਗਾ ਤਾਂ ਜੋ ਸੱਚ ਸਾਹਮਣੇ ਆ ਸਕੇ।
ਇਸ ਤੋਂ ਇਲਾਵਾ ਗੈਂਗਸਟਰ ਲਾਰੈਂਸ ਤੇ ਗੋਲਡੀ ਬਰਾੜ ਦੇ ਇੱਕ ਹੋਰ ਸਾਥੀ ਰਾਜਨ ਜਾਟ ਨਾਂ ਦੇ ਗੈਂਗਸਟਰ ਨੂੰ ਵੀ ਕੁਰੂਕਸ਼ੇਤਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਜਾਰੀ ਕਰਕੇ ਬੁਲਾਇਆ ਗਿਆ ਹੈ। ਉਸ ‘ਤੇ 7 ਕਤਲ ਕੇਸ ਤੇ 6 ਅਟੈਂਪਟ ਟੂ ਮਰਡਰ ਦੇ ਕੇਸ ਹਨ। ਪੁੱਛਗਿਛ ਵਿਚ ਉਸ ਨੇ ਕਈ ਖੁਲਾਸੇ ਕੀਤੇ ਹਨ। ਰਾਜਨ ਨੇ ਕਈ ਅਜਿਹੇ ਗੈਂਗਸਟਰਾਂ ਬਾਰੇ ਵੀ ਦੱਸਿਆ ਹੈ ਜੋ ਕਿ ਪੰਜਾਬ ਪੁਲਿਸ ਦੀ ਪਕੜ ਤੋਂ ਬਾਹਰ ਸਨ।
ਵੀਡੀਓ ਲਈ ਕਲਿੱਕ ਕਰੋ -: