ਮੂਸੇਵਾਲਾ ਹੱਤਿਆਕਾਂਡ ਵਿਚ ਸਿੱਧੂ ਦੀ ਰੇਕੀ ਕਰਨ ਦੇ ਦੋਸ਼ ਗ੍ਰਿਫਤਾਰ ਕੇਕੜਾ ਨਾਂ ਦੇ ਮੁਲਜ਼ਮ ਨੇ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਕਾਤਲਾਂ ਨੇ ਉਸ ਨੂੰ ਕਿਹਾ ਸੀ ਕਿ ਉਹ ਮੂਸੇਵਾਲਾ ਦੀ ਸਿਰਫ ਮਾਰ ਕੁਟਾਈ ਕਰਨਗੇ, ਹੱਤਿਆ ਬਾਰੇ ਉਸ ਨੂੰ ਨਹੀਂ ਪਤਾ ਸੀ। ਜਿਸ ਦਿਨ ਉਹ ਰੇਕੀ ਕਰਨ ਮੂਸੇਵਾਲਾ ਦੇ ਘਰ ਪੁੱਜਾ ਸੀ, ਉਸ ਨੇ ਇਸ ਦੀ ਜਾਣਕਾਰੀ ਕੈਨੇਡਾ ਵਿਚ ਬੈਠੇ ਗੋਲਡੀ ਬਰਾੜ ਨੂੰ ਦਿੱਤੀ ਸੀ। ਹੱਤਿਆ ਦੇ ਦਿਨ ਰੇਕੀ ਦੌਰਾਨ ਉਸ ਦੀ ਗੋਲਡੀ ਬਰਾੜ ਨਾਲ 11 ਵਾਰ ਗੱਲ ਹੋਈ ਸੀ।
ਕੇਕੜਾ ਦਾ ਦਾਅਵਾ ਹੈ ਕਿ ਉਸ ਨੂੰ ਨਹੀਂ ਪਤਾ ਸੀ ਕਿ ਗੋਲਡੀ ਬਰਾੜ ਇੱਕ ਖਤਰਨਾਕ ਗੈਂਗਸਟਰ ਹੈ। ਪੁਲਿਸ ਦੀ ਪੁੱਛਗਿਛ ਵਿਚ ਇਹ ਵੀ ਖੁਲਾਸਾ ਹੋਇਆ ਹੈ ਕਿ ਜਦੋਂ ਸ਼ੂਟਰ ਨੂੰ ਕੋਰੋਲਾ ਗੱਡੀ ਸੌਂਪੀ ਗਈ ਸੀ ਤਾਂ ਉਸ ਵਿਚ 3 ਲੱਖ ਰੁਪਏ ਤੇ ਦੋ ਡੋਂਗਲ ਵੀ ਡੈਸ਼ ਬੋਰਡ ਵਿਚ ਰੱਖੇ ਹੋਏ ਸਨ। ਕਾਰ ਵਿਚ ਖਤਰਨਾਕ ਹਥਿਆਰ ਵੀ ਮੌਜੂਦ ਸੀ। ਹਾਲਾਂਕਿ ਕੇਕੜਾ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਹੀ ਸ਼ੂਟਰਾਂ ਨੂੰ ਕੋਰੋਲਾ ਕਾਰ ਕੋਲ ਛੱਡਿਆ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਜਾ ਰਹੇ ਹਨ।
ਦੂਜੇ ਪਾਸੇ ਦਿੱਲੀ ਪੁਲਿਸ ਨੇ 6 ਸ਼ਾਰਪ ਸ਼ੂਟਰ ਦੀ ਪਛਾਣ ਦਾ ਦਾਅਵਾ ਕੀਤਾ ਹੈ। ਦਿੱਲੀ ਪੁਲਿਸ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਮਹਾਰਾਸ਼ਟਰ ਮਾਡਿਊਲ ਦੇ ਦੋ ਸ਼ੂਟਰਾਂ ਸੰਤੋਸ਼ ਜਾਧਵ ਤੇ ਨਵਨਾਥ ਸੂਰਜਵੰਸ਼ੀ ਨੂੰ 3 ਲੱਖ 50,000 ਰੁਪਏ ਦਿੱਤੇ ਗਏ ਸਨ।
ਦਿੱਲੀ ਪੁਲਿਸ ਕਮਿਸ਼ਨਰ ਐੱਚਐੱਸ ਧਾਲੀਵਾਲ ਨੇ ਕਿਹਾ ਕਿ ਪੁਲਿਸ ਨੇ 8 ਸ਼ੂਟਰਾਂ ਦੀ ਫੋਟੋ ਜਾਰੀ ਕੀਤੀ ਹੈ ਤੇ ਉਨ੍ਹਾਂ ਵਿਚੋਂ 6 ਦੀ ਪਛਾਣ ਸ਼ੂਟਰ ਵਜੋਂ ਹੋਈ ਹੈ। ਇਸ ਹੱਤਿਆਕਾਂਡ ਵਿਚ ਚਾਰ ਦੀ ਭੂਮਿਕਾ ਸਾਬਤ ਹੋ ਗਈ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਮੂਸੇਵਾਲਾ ਦੀ ਹੱਤਿਆ ਦੇ ਪਿੱਛੇ ਗੈਂਗਸਟਰ ਲਾਰੈਂਸ ਬਿਸ਼ਨੋਈ ਹੀ ਮਾਸਟਰਮਾਈਂਡ ਸੀ।
ਵੀਡੀਓ ਲਈ ਕਲਿੱਕ ਕਰੋ -: