ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਨਵਾਂ ਖੁਲਾਸਾ ਹੋਇਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੂਸੇਵਾਲਾ ਦੀ ਰੇਕੀ ਕਰਦੇ ਹੋਏ ਕੇਕੜੇ ਦੇ ਫੜੇ ਜਾਣ ਤੋਂ ਪਹਿਲਾਂ ਉਸ ਦਾ ਭਰਾ ਬਿੱਟੂ ਵੀ ਤਿੰਨ ਦਿਨ ਪਿੰਡ ਮੂਸਾ ਵਿੱਚ ਰੁਕਿਆ ਸੀ ਅਤੇ ਮੂਸੇਵਾਲਾ ਦੀ ਰੇਕੀ ਕੀਤੀ ਸੀ।
26 ਮਈ ਨੂੰ ਸ਼ਾਰਪ ਸ਼ੂਟਰ ਕੇਸ਼ਵ ਮੂਸਾ ਪਹੁੰਚਿਆ ਸੀ ਅਤੇ ਪਿੰਡ ਤੋਂ ਹੀ ਉਸ ਨੇ ਕੁਝ ਸਕਿੰਟਾਂ ਲਈ ਆਪਣੇ ਮੋਬਾਈਲ ਤੋਂ ਇੰਟਰਨੈੱਟ ਕਾਲ ਕੀਤੀ। ਦੂਜੇ ਪਾਸੇ ਕੇਕੜੇ ਦਾ ਸਾਥੀ ਨਿੱਕੂ ਵੀ ਚਿੱਟਾ ਪੀਣ ਦਾ ਆਦੀ ਹੈ, ਫਿਲਹਾਲ ਉਹ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਸੂਤਰਾਂ ਮੁਤਾਬਕ ਗੋਲਡੀ ਬਰਾੜ ਨੇ ਪੰਜਾਬੀ ਗਾਇਕ ਮੂਸੇਵਾਲਾ ਨੂੰ ਮਾਰਨ ਲਈ ਸਿੱਧੇ ਤੌਰ ‘ਤੇ ਕੇਕੜਾ ਅਤੇ ਬਿੱਟੂ ਨੂੰ ਕੰਮ ਸੌਂਪਿਆ ਸੀ। ਦੋਵੇਂ ਭਰਾ ਚਿੱਟਾ ਪੀਣ ਦੇ ਆਦੀ ਸਨ ਅਤੇ ਇਸ ਕਰਕੇ ਉਹ ਗੋਲਡੀ ਦੀ ਗੱਲ ਮੰਨ ਗਏ। ਦੋਵਾਂ ਭਰਾਵਾਂ ਨੇ ਇਸ ਵਿੱਚ ਆਪਣੇ ਤੀਜੇ ਸਾਥੀ ਨਿੱਕੂ ਨੂੰ ਵੀ ਸ਼ਾਮਲ ਕੀਤਾ ਸੀ।
ਸੂਤਰਾਂ ਨੇ ਦੱਸਿਆ ਕਿ ਕੇਕੜੇ ਦਾ ਭਰਾ ਬਿੱਟੂ 25, 26, 27 ਮਈ ਨੂੰ ਲਗਾਤਾਰ ਤਿੰਨ ਦਿਨ ਪਿੰਡ ਮੂਸਾ ਵਿੱਚ ਆਪਣੀ ਭੈਣ ਦੇ ਘਰ ਰਿਹਾ ਅਤੇ ਲਗਾਤਾਰ ਤਿੰਨ ਦਿਨ ਮੂਸੇਵਾਲਾ ਦੀ ਰੇਕੀ ਕੀਤੀ। ਇਹ ਜਾਣਕਾਰੀ ਉਹ ਕੇਸ਼ਵ ਨੂੰ ਦਿੰਦਾ ਰਿਹਾ। ਕੇਸ਼ਵ ਗੋਲਡੀ ਬਰਾੜ ਨੂੰ ਇੰਟਰਨੈੱਟ ਕਾਲ ਰਾਹੀਂ ਸਾਰੀ ਖਬਰ ਦੇ ਰਿਹਾ ਸੀ। ਸੂਤਰਾਂ ਨੇ ਦੱਸਿਆ ਕਿ 26 ਮਈ ਨੂੰ ਸ਼ਾਰਪ ਸ਼ੂਟਰ ਕੇਸ਼ਵ ਖੁਦ ਬਿੱਟੂ ਨੂੰ ਮਿਲਣ ਲਈ ਪਿੰਡ ਮੂਸੇ ਪਹੁੰਚਿਆ ਸੀ। ਸਿੱਧੂ ਦੀ ਰੇਕੀ ਕਰ ਕੇ ਖਬਰ ਲੈਣ ਮਗਰੋਂ ਕੇਸ਼ਵ ਨੇ ਪਿੰਡ ‘ਚ ਹੀ ਖੜ੍ਹੇ ਹੋ ਕੇ ਆਪਣੇ ਮੋਬਾਈਲ ਤੋਂ ਇੰਟਰਨੈੱਟ ਕਾਲ ਕੀਤੀ।
ਸੂਤਰਾਂ ਨੇ ਦੱਸਿਆ ਕਿ 26 ਮਈ ਨੂੰ ਕੇਸ਼ਵ ਪਿੰਡ ਮੂਸਾ ਤੋਂ ਕਿਸੇ ਹੋਰ ਟਿਕਾਣੇ ‘ਤੇ ਚਲਾ ਗਿਆ ਸੀ। 29 ਮਈ ਦੀ ਸਵੇਰ ਕੇਕੜਾ ਆਪਣੇ ਸਾਥੀ ਨਿੱਕੂ ਨਾਲ ਮੋਟਰਸਾਈਕਲ ‘ਤੇ ਪਿੰਡ ਮੂਸਾ ਵਿਖੇ ਪਹੁੰਚਿਆ ਸੀ। ਦੋਵਾਂ ਦੀ ਪਹਿਲਾਂ ਹੀ ਪਿੰਡ ਵਿੱਚ ਹੀ ਮੌਜੂਦ ਕੇਸ਼ਵ ਨਾਲ ਮੁਲਾਕਾਤ ਹੋਈ ਅਤੇ ਬਾਅਦ ਵਿੱਚ ਤਿੰਨੋਂ ਮੋਟਰਸਾਈਕਲ ’ਤੇ ਮੂਸੇਵਾਲਾ ਦੇ ਘਰ ਵੱਲ ਚਲੇ ਗਏ। ਜਿੱਥੇ ਕੇਕੜਾ ਅਤੇ ਨਿੱਕੂ ਨੇ ਕੇਸ਼ਵ ਨੂੰ ਥੋੜ੍ਹੀ ਦੂਰ ਛੱਡ ਦਿੱਤਾ ਸੀ ਅਤੇ ਦੋਵੇਂ ਮੂਸੇਵਾਲਾ ਦੇ ਘਰ ਗਏ ਅਤੇ ਉਸ ਨੂੰ ਮਿਲੇ ਅਤੇ ਸੈਲਫੀ ਵੀ ਲਈ।
ਕੇਕੜਾ ਅਤੇ ਨਿੱਕੂ ਕਾਫੀ ਦੇਰ ਤੱਕ ਮੂਸੇਵਾਲਾ ਦੇ ਘਰ ਰਹੇ ਅਤੇ ਸਾਰੀ ਜਾਣਕਾਰੀ ਇਕੱਠੀ ਕਰਦੇ ਰਹੇ। ਜਦੋਂ ਮੂਸੇਵਾਲਾ ਘਰੋਂ ਜਾਣ ਲਈ ਤਿਆਰ ਹੋਇਆ ਤਾਂ ਦੋਵੇਂ ਉਸ ਦੇ ਘਰੋਂ ਨਿਕਲ ਗਏ ਤੇ ਕੇਸ਼ਵ ਨੂੰ ਜਾਣਕਾਰੀ ਦਿੱਤੀ। ਦੋਵਾਂ ਨੇ ਬਾਅਦ ਵਿਚ ਕੇਸ਼ਵ ਨੂੰ ਨਾਲ ਲੈ ਕੇ ਘਟਨਾ ਵਿਚ ਵਰਤੀ ਗਈ ਕੋਰੋਲਾ ਗੱਡੀ ਵਿਚ ਬਿਠਾ ਲਿਆ। ਨਿੱਕੂ ਤੇ ਕੇਕੜਾ ਮੋਟਰਸਾਈਕਲ ਰਾਹੀਂ ਕਾਲਾਂਵਾਲੀ ਪਹੁੰਚ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸੂਤਰਾਂ ਮੁਤਾਬਕ 29 ਮਈ ਨੂੰ ਮੁਲਜ਼ਮਾਂ ਵਿੱਚ ਸ਼ਾਮਲ ਹਰਿਆਣਾ ਦੇ ਸ਼ਾਰਪ ਸ਼ੂਟਰ ਪ੍ਰਜਾਪਤ ਫੌਜੀ ਨੇ ਮੂਸੇਵਾਲਾ ’ਤੇ ਏਕੇ 74 ਸਾਲਟ ਨਾਲ ਗੋਲੀਆਂ ਚਲਾ ਦਿੱਤੀਆਂ ਸਨ। ਮੁਲਜ਼ਮਾਂ ਕੋਲ ਇੱਕ ਅਜਿਹਾ ਹਥਿਆਰ ਵੀ ਸੀ ਜੋ ਮੂਸੇਵਾਲਾ ਨੂੰ ਬੁਲੇਟ ਪਰੂਫ਼ ਘੇਰੇ ਨੂੰ ਤੋੜ ਕੇ ਵੀ ਵਿੰਨ੍ਹ ਸਕਦਾ ਸੀ। ਇਸ ਆਧੁਨਿਕ ਹਥਿਆਰ ਨਾਲ ਵੀ ਮੁਲਜ਼ਮਾਂ ਨੇ ਅੱਠ ਤੋਂ ਦਸ ਫਾਇਰ ਕੀਤੇ ਸਨ। ਜਿਸ ਦੇ ਖੋਲ ਵੀ ਪੁਲਿਸ ਨੇ ਮੌਕੇ ਤੋਂ ਬਰਾਮਦ ਕੀਤੇ ਹਨ। ਕੇਸ਼ਵ ਕੋਲ 30 ਬੋਰ ਦਾ ਰਿਵਾਲਵਰ ਸੀ, ਜੋ ਉਸਨੇ ਕਤਲ ਲਈ ਵਰਤਿਆ ਸੀ।