ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਹਾਰਾਸ਼ਟਰ ਪੁਲਿਸ ਨੂੰ ਇੱਕ ਹੋਰ ਸ਼ਾਰਪ ਸ਼ੂਟਰ ਨੂੰ ਫੜਨ ਵਿੱਚ ਸਫਲਤਾ ਮਿਲੀ ਹੈ। ਪੁਣੇ ਤੋਂ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਸਾਥੀ ਨਵਨਾਥ ਸੂਰਿਆਵੰਸ਼ੀ ਸਣੇ ਗੁਜਰਾਤ ਤੋਂ ਫੜਿਆ ਗਿਆ, ਉਸ ਨੂੰ 20 ਜੂਨ ਤੱਕ ਰਿਮਾਂਡ ‘ਤੇ ਲਿਆ ਗਿਆ ਹੈ।
ਸੰਤੋਸ਼ ਜਾਧਵ ਬਦਨਾਮ ਗੈਂਗਸਟਰ ਅਰੁਣ ਗਵਲੀ ਗੈਂਗ ਦਾ ਗੁਰਗਾ ਹੈ। ਦਿੱਲੀ ਪੁਲਿਸ ਨੇ ਸੰਤੋਸ਼ ਜਾਧਵ ਅਤੇ ਨਵਨਾਥ ਸੂਰਿਆਵੰਸ਼ੀ ਨੂੰ ਮੂਸੇਵਾਲਾ ਦੀ ਕਤਲ ਵਿੱਚ ਸ਼ਾਮਲ ਦੱਸਿਆ ਸੀ, ਜਿਸ ਤੋਂ ਬਾਅਦ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਉਸ ਨੂੰ 2021 ‘ਚ ਪੁਣੇ ‘ਚ ਦਰਜ ਹੋਏ ਕਤਲ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ।
ਪੁਣੇ ਪੁਲਿਸ ਨੇ ਇਸ ਤੋਂ ਪਹਿਲਾਂ ਸ਼ਾਰਪ ਸ਼ੂਟਰ ਸਿਧੇਸ਼ ਹੀਰਾਮਨ ਕਾਂਬਲੇ ਉਰਫ ਸੌਰਵ ਮਹਾਕਾਲ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਸੀ, ਜੋ ਵੀ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਸੀ। ਹਾਲਾਂਕਿ ਉਸ ਤੋਂ ਪੁੱਛਗਿੱਛ ਕਰਨ ‘ਤੇ ਦਿੱਲੀ ਪੁਲਿਸ ਨੇ ਕਿਹਾ ਕਿ ਉਹ ਇਸ ਕਤਲ ‘ਚ ਸ਼ਾਮਲ ਨਹੀਂ ਸੀ। ਉਸ ਨੇ ਸ਼ੂਟਰ ਮੁਹੱਈਆ ਕਰਵਾਏ ਸਨ।
ਇਸ ਮਾਮਲੇ ਵਿੱਚ ਪੁਲਿਸ ਨੇ 8 ਸ਼ੱਕੀ ਸ਼ਾਰਪ ਸ਼ੂਟਰਾਂ ਦੀ ਸੂਚੀ ਜਾਰੀ ਕੀਤੀ ਸੀ, ਜਿਨ੍ਹਾਂ ਵਿੱਚੋਂ ਪੁਣੇ ਦੇ ਸੌਰਵ ਮਹਾਕਾਲ, ਸੰਤੋਸ਼ ਜਾਧਵ ਅਤੇ ਬਠਿੰਡਾ ਦੇ ਹਰਕਮਲ ਰਾਣੂ ਸ਼ਾਮਲ ਹਨ। ਪੰਜਾਬ ਪੁਲਿਸ ਹਰਕਮਲ ਰਾਣੂ ਨੂੰ ਨਸ਼ੇੜੀ ਦੱਸ ਕੇ ਮੂਸੇਵਾਲਾ ਦੇ ਕਤਲ ਵਿੱਚ ਸ਼ਮੂਲੀਅਤ ਤੋਂ ਇਨਕਾਰ ਕਰ ਚੁੱਕੀ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਸੌਰਵ ਮਹਾਕਾਲ ਦੇ ਕਤਲ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ।
ਮੂਸੇਵਾਲਾ ਕਤਲ ਕਾਂਡ ‘ਚ ਸ਼ਾਰਪ ਸ਼ੂਟਰਾਂ ਦੀ ਗ੍ਰਿਫਤਾਰੀ ਦੇ ਮਾਮਲੇ ‘ਚ ਪੰਜਾਬ ਪੁਲਸ ਦੇ ਹੱਥ ਖਾਲੀ ਹਨ। ਪੰਜਾਬ ਪੁਲਿਸ ਨੇ 4 ਸ਼ਾਰਪ ਸ਼ੂਟਰਾਂ ਦੀ ਪਛਾਣ ਕਰ ਲਈ ਹੈ ਪਰ ਅਜੇ ਤੱਕ ਕੋਈ ਵੀ ਫੜਿਆ ਨਹੀਂ ਗਿਆ ਹੈ। ਹਾਲਾਂਕਿ ਸ਼ੂਟਰਾਂ ਨੂੰ ਸਪੋਰਟ ਕਰਨ ਵਾਲੇ 8 ਲੋਕ ਜ਼ਰੂਰ ਫੜੇ ਗਏ ਹਨ, ਜਿਸ ਵਿੱਚ ਕਾਲਾਂਵਾਲੀ, ਹਰਿਆਣਾ ਦਾ ਸੰਦੀਪ ਕੇਕੜਾ, ਜੋ ਮੂਸੇਵਾਲਾ ਦੀ ਰੇਕੀ ਕਰਦਾ ਹੈ ਵੀ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -: