ਏਸ਼ੀਆਈ ਖੇਡਾਂ ਦੇ ਦੋਹਰੇ ਸੋਨ ਤਮਗਾ ਜੇਤੂ ਅਤੇ ਓਲੰਪੀਅਨ ਹਰੀ ਚੰਦ ਦਾ ਸੋਮਵਾਰ ਸਵੇਰੇ 69 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। 1 ਅਪ੍ਰੈਲ 1953 ਨੂੰ ਪੈਦਾ ਹੋਏ ਲੰਬੀ ਦੂਰੀ ਦੇ ਸਾਬਕਾ ਦੌੜਾਕ, ਹੁਸ਼ਿਆਰਪੁਰ, ਦੇ ਪਿੰਡ ਘੋੜੇਵਾਹ ਦੇ ਰਹਿਣ ਵਾਲੇ ਸਨ। ਚੰਦ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਮਹਾਨ ਲੰਬੀ ਦੂਰੀ ਦੇ ਦੌੜਾਕਾਂ ਵਿੱਚੋਂ ਇੱਕ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਭਾਰਤੀ ਅਥਲੈਟਿਕਸ ਦੀ ਸ਼ਾਨ ਰਹੇ ਹਰੀ ਚੰਦ ਆਪਣੇ ਖੇਡ ਲਈ ਹਮੇਸ਼ਾ ਯਾਦ ਕੀਤੇ ਜਾਣਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰਨਗੇ। ਉਨ੍ਹਾਂ ਵਿੱਛੜੀ ਰੂਹ ਨੂੰ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ।
ਦੱਸ ਦੇਈਏ ਕਿ ਹਰੀ ਚੰਦ ਭਾਰਤ ਦੇ ਲੰਮੀ ਦੂਰੀ ਦੀ ਦੌੜਾਂ ਵਿੱਚ ਸ਼ਾਮਲ ਹੋਣ ਵਾਲੀਆਂ ਮਹਾਨ ਸ਼ਖਸੀਅਤਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਦੋ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਮਾਂਟਰੀਅਲ ਵਿੱਚ 1976 ਦੇ ਸਮਰ ਓਲੰਪਿਕ ਵਿੱਚ ਉਹ 28:48.72 ਦੇ ਸਮੇਂ ਨਾਲ 10,000 ਮੀਟਰ ਵਿੱਚ ਅੱਠਵੇਂ ਸਥਾਨ ‘ਤੇ ਆਏ, ਜੋਕਿ ਇੱਕ ਕੌਮੀ ਰਿਕਾਰਡ ਸੀ, ਜੋ 32 ਸਾਲਾਂ ਤੱਕ ਕਾਇਮ ਰਿਹਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਚੰਦ ਨੇ ਫਿਰ 1980 ਓਲੰਪਿਕ ਪੁਰਸ਼ਾਂ ਦੀ ਮੈਰਾਥਨ ਵਿੱਚ ਹਿੱਸਾ ਲਿਆ, ਜਿੱਥੇ ਉਨ੍ਹਾਂ ਨੇ ਲੈਨਿਨ ਸਟੇਡੀਅਮ, ਮੋਸਕਵਾ ਵਿਖੇ 2:22:08 ਦੇ ਸਮੇਂ ਨਾਲ ਦੌੜ ਪੂਰੀ ਕੀਤੀ। ਉਨ੍ਹਾਂ ਨੇ 1978 ਦੀਆਂ ਬੈਂਕਾਕ ਏਸ਼ੀਅਨ ਖੇਡਾਂ ਵਿੱਚ ਸ਼ਾਨਦਾਰ ਢੰਗ ਨਾਲ 2 ਸੋਨ ਤਗਮੇ ਜਿੱਤੇ। ਥਾਈਲੈਂਡ ਵਿੱਚ ਚੰਦ 5000 ਮੀਟਰ ਅਤੇ 10,000 ਮੀਟਰ ਦੋਵਾਂ ਮੁਕਾਬਲਿਆਂ ਵਿੱਚ ਪੋਡੀਅਮ ਦੇ ਸਿਖਰਲੇ ਪੜਾਅ ‘ਤੇ ਸਨ। ਭਾਰਤ ਵਿੱਚ ਖੇਡਾਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਹਰੀ ਚੰਦ ਨੂੰ ਅਰਜੁਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।