ਕਿਰਨ ਬੇਦੀ ਵੱਲੋਂ ਅੱਜ ਸਿੱਖਾਂ ਨੂੰ ਲੈ ਕੇ ਵਿਵਾਦਿਤ ਟਿੱਪਣੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ, ਵੱਖ-ਵੱਖ ਆਗੂਆਂ ਵੱਲੋਂ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ ਤੇ ਸਿੱਖਾਂ ਵਿਚ ਵੀ ਭਾਰੀ ਰੋਸ ਹੈ। ਇਸੇ ਦਰਮਿਆਨ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਸਿਰਸਾ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਵੀ ਧਰਮ ਦੀ ਗੱਲ ਆਉਂਦੀ ਹੈ ਤਾਂ ਮੈਂ ਪਾਰਟੀ ਤੋਂ ਉੱਪਰ ਉੱਠ ਕੇ ਬੋਲਦਾ ਰਹਾਂਗਾ। ਇਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਾਂਗੇ। ਉਨ੍ਹਾਂ ਕਿਹਾ ਕਿ ਗਲਤ ਕੰਮ ਗਲਤ ਕੰਮ ਹੀ ਹੁੰਦਾ ਹੈ, ਚਾਹੇ ਉਸ ਨੂੰ ਕੋਈ ਵੀ ਕਰੇ। ਹਰ ਸਿੱਖ ਨੂੰ ਅਜਿਹੇ ਲੋਕਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਮੈਂ 12 ਵਜੇ ਵਾਲੀ ਗੱਲ ਨੂੰ ਬਹੁਤ ਫਖ਼ਰ ਨਾਲ ਕਹਿੰਦਾ ਹਾਂ ਕਿਉਂਕਿ ਅਬਦਾਲੀ ਜਿਹੜੀਆਂ ਧੀਆਂ-ਭੈਣਾਂ ਨੂੰ ਵੇਚਣ ਲਈ ਲੈ ਕੇ ਜਾਂਦਾ ਸੀ, ਸਰਦਾਰ ਰਾਤ 12 ਵਜੇ ਹਮਲੇ ਕਰਕੇ ਉਨ੍ਹਾਂ ਨੂੰ ਬਚਾਉਂਦੇ ਸਨ। ਅਜਿਹੇ ਬਿਆਨ ਦੇਣ ਵਾਲਿਆਂ ਨੂੰ ਪਿੱਛੇ ਝਾਤੀ ਮਾਰਨੀ ਚਾਹੀਦੀ ਹੈ। ਮੁਗਲ ਰਾਜ ਵੇਲੇ ਜਦੋਂ ਆਪਣੀ ਆਵਾਜ਼ ਚੁੱਕਣ ਲਈ ਡਰਦਾ ਸੀ, ਉਦੋਂ ਖਾਲਸਿਆਂ ਨੇ ਆਪਣੀਆਂ ਜਾਨਾਂ ’ਤੇ ਖੇਡ ਕਿ ਆਮ ਲੋਕਾਂ ਦੀ ਜਾਨ ਬਚਾਈ।
ਦੱਸ ਦੇਈਏ ਕਿ ਕਿਰਨ ਬੇਦੀ ਨੇ ਆਪਣੀ ਕਿਤਾਬ ‘ਫੀਅਰਲੈੱਸ ਗਵਰਨੈਂਸ’ ਦੇ ਹਿੰਦੀ ਐਡੀਸ਼ਨ ਨੂੰ ਲਾਂਚ ਕਰਨ ਮੌਕੇ ’12 ਵਜੇ ਵਾਲੀ’ ਟਿੱਪਣੀ ਕਰ ਕੇ ਸਿਖਾਂ ਦਾ ਮਜ਼ਾਕ ਉਡਾਇਆ ਹੈ। ਕਿਤਾਬ ਲਾਂਚ ਕਰਨ ਮੌਕੇ ਉਨ੍ਹਾਂ ਕਿਹਾ, “12 ਵਜੇ ਕਿਤਾਬ ਲਾਂਚ ਕਰਾਂਗੇ, ਕੋਈ ਸਰਦਾਰ ਜੀ ਤਾਂ ਇੱਥੇ ਨਹੀਂ ਹੈ”। ਇਸ ਤੋਂ ਬਾਅਦ ਉੱਥੇ ਮੌਜੂਦ ਲੋਕ ਹੱਸਣ ਲੱਗ ਜਾਂਦੇ ਹਨ । ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।