ਨਵੀਂ ਦਿੱਲੀ। ਕੈਂਸਰ ਤੋਂ ਬਾਅਦ ਵਿਗਿਆਨੀਆਂ ਨੇ ਐੱਚ.ਆਈ.ਵੀ. ਦਾ ਤੋੜ ਵੀ ਕੱਢਣ ਦਾ ਦਾਅਵਾ ਕੀਤਾ ਹੈ। ਅਜਿਹੀ ਵੈਕਸੀਨ ਬਣਾਉਣ ‘ਚ ਸਫਲਤਾ ਹਾਸਲ ਕੀਤੀ ਹੈ, ਜਿਸ ਦੀ ਸਿਰਫ ਇਕ ਖੁਰਾਕ ਨਾਲ ਐੱਚ.ਆਈ.ਵੀ. ਵਾਇਰਸ ਨੂੰ ਖਤਮ ਕੀਤਾ ਜਾ ਸਕਦਾ ਹੈ।
ਇਜ਼ਰਾਈਲ ਦੀ ਤੇਲ ਅਵੀਵ ਯੂਨੀਵਰਸਿਟੀ ਦੇ ਖੋਜੀਆਂ ਵੱਲੋਂ ਤਿਆਰ ਕੀਤੀ ਗਈ ਇਸ ਵੈਕਸੀਨ ਦੇ ਲੈਬ ਨਤੀਜੇ ਬਹੁਤ ਵਧੀਆ ਰਹੇ ਹਨ। ਵਿਗਿਆਨੀਆਂ ਨੇ ਸਰੀਰ ਵਿੱਚ ਮੌਜੂਦ ਟਾਈਪ-ਬੀ ਵ੍ਹਾਈਟ ਬਲੱਡ ਸੈੱਲਸ ਦੇ ਜੀਨਾਂ ਵਿੱਚ ਕੁਝ ਬਦਲਾਅ ਕੀਤੇ, ਜਿਨ੍ਹਾਂ ਨੇ ਐੱਚਆਈਵੀ ਵਾਇਰਸ ਨੂੰ ਤੋੜ ਦਿੱਤਾ। ਇਸ ਸਫਲਤਾ ਨੇ ਉਮੀਦ ਜਗਾਈ ਹੈ ਕਿ ਐੱਚਆਈਵੀ-ਏਡਜ਼ ਵਰਗੀ ਬੀਮਾਰੀ ਦਾ ਇਲਾਜ ਵੀ ਦੂਰ ਨਹੀਂ ਹੈ।
ਐੱਚਆਈਵੀ-ਏਡਜ਼ ਦਾ ਅਜੇ ਤੱਕ ਕੋਈ ਇਲਾਜ ਨਹੀਂ ਹੈ। ਹਾਲਾਂਕਿ, ਦਵਾਈਆਂ ਨਾਲ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਐੱਚਆਈਵੀ ਨਾਲ ਸੰਕਰਮਿਤ ਵਿਅਕਤੀ ਲੰਬੇ ਸਮੇਂ ਤੱਕ ਜੀ ਸਕਦਾ ਹੈ। ਇਹ ਬਿਮਾਰੀ ਐੱਚ.ਆਈ.ਵੀ. ਭਾਵ ਹਿਊਮਨ ਇਮਿਊਨੋਡਫੀਸ਼ੀਐਂਸੀ ਵਾਇਰਸ ਰਾਹੀਂ ਫੈਲਦੀ ਹੈ। ਇਹ ਵਾਇਰਸ ਸਰੀਰ ਦੇ ਇਮਿਊਨ ਸਿਸਟਮ ‘ਤੇ ਹਮਲਾ ਕਰਦਾ ਹੈ। ਜੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਏਡਜ਼ ਹੋ ਸਕਦਾ ਹੈ।
ਇੱਕ ਅੰਕੜੇ ਮੁਤਾਬਕ 2020 ਵਿੱਚ ਦੁਨੀਆ ਵਿੱਚ ਲਗਭਗ 37 ਮਿਲੀਅਨ ਲੋਕ ਇਸ ਬਿਮਾਰੀ ਦੇ ਸ਼ਿਕਾਰ ਹੋਏ। ਇਹ ਮੁੱਖ ਤੌਰ ‘ਤੇ ਅਸੁਰੱਖਿਅਤ ਸੈਕਸ, ਦੂਸ਼ਿਤ ਖੂਨ ਚੜ੍ਹਾਉਣ, ਸੰਕਰਮਿਤ ਸਰਿੰਜਾਂ ਦੀ ਵਰਤੋਂ ਅਤੇ ਐੱਚਆਈਵੀ ਸੰਕਰਮਿਤ ਗਰਭਵਤੀ ਮਾਂ ਤੋਂ ਉਸਦੇ ਬੱਚੇ ਤੱਕ ਫੈਲਦਾ ਹੈ।
ਇਸ ਲਾਇਲਾਜ ਬੀਮਾਰੀ ਨੂੰ ਤੋੜਨ ਲਈ ਡਾਕਟਰ ਅਦੀ ਬਰਗੇਲ ਦੀ ਅਗਵਾਈ ਵਿੱਚ ਵਿਗਿਆਨੀਆਂ ਦੀ ਟੀਮ ਨੇ ਬੀ ਸੈੱਲਾਂ ਦੀ ਵਰਤੋਂ ਕੀਤੀ। ਰਿਪੋਰਟਾਂ ਮੁਤਾਬਕ ਇਹ ਸੈੱਲ ਸਾਡੇ ਸਰੀਰ ਵਿੱਚ ਵਾਇਰਸ ਅਤੇ ਖਤਰਨਾਕ ਬੈਕਟੀਰੀਆ ਨਾਲ ਲੜਨ ਲਈ ਐਂਟੀਬਾਡੀਜ਼ ਪੈਦਾ ਕਰਦੇ ਹਨ। ਇਹ ਵ੍ਹਾਈਟ ਸੈੱਲ ਬੋਨ ਮੈਰੋ ਵਿੱਚ ਬਣਦੇ ਹਨ। ਪਰਿਪੱਕ ਹੋਣ ‘ਤੇ ਇਹ ਖੂਨ ਰਾਹੀਂ ਸਰੀਰ ਦੇ ਅੰਗਾਂ ਤੱਕ ਪਹੁੰਚ ਜਾਂਦੇ ਹਨ। ਵਿਗਿਆਨੀਆਂ ਨੇ ਇਨ੍ਹਾਂ ਬੀ ਸੈੱਲਾਂ ਦੇ ਜੀਨਾਂ ਨੂੰ ਸੋਧ ਕੇ ਐੱਚਆਈਵੀ ਵਾਇਰਸ ਦੇ ਕੁਝ ਹਿੱਸਿਆਂ ਨਾਲ ਸੰਪਰਕ ਬਣਾਇਆ। ਇਸ ਨਾਲ ਉਨ੍ਹਾਂ ਵਿਚ ਕੁਝ ਬਦਲਾਅ ਆਏ। ਇਸ ਤੋਂ ਬਾਅਦ ਇਨ੍ਹਾਂ ਤਿਆਰ ਬੀ ਸੈੱਲਾਂ ਦਾ ਐੱਚਆਈਵੀ ਵਾਇਰਸ ਨਾਲ ਮੁਕਾਬਲਾ ਕੀਤਾ ਗਿਆ ਤਾਂ ਇਹ ਵਾਇਰਸ ਟੁੱਟਦਾ ਨਜ਼ਰ ਆਇਆ। ਇਨ੍ਹਾਂ ਬੀ ਸੈੱਲਾਂ ‘ਚ ਇਕ ਖਾਸ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਜਿਵੇਂ-ਜਿਵੇਂ ਐੱਚ.ਆਈ.ਵੀ. ਦੇ ਵਾਇਰਸ ਨੇ ਆਪਣੀ ਤਾਕਤ ਵਧਾ ਦਿੱਤੀ, ਉਨ੍ਹਾਂ ਨੇ ਆਪਣੀ ਸਮਰੱਥਾ ਨੂੰ ਵੀ ਉਸੇ ਹਿਸਾਬ ਨਾਲ ਵਧਾਇਆ ਅਤੇ ਉਨ੍ਹਾਂ ਦਾ ਮੁਕਾਬਲਾ ਕੀਤਾ।
ਇਸ ਖੋਜ ਨੂੰ ਅੰਜਾਮ ਦੇਣ ਵਾਲੇ ਡਾ. ਬਰਜੇਲ ਨੇ ਦੱਸਿਆ ਕਿ ਲੈਬ ਵਿਚ ਜਿਨ੍ਹਾਂ ਮਾਡਲਾਂ ‘ਤੇ ਇਸ ਇਲਾਜ ਦੀ ਜਾਂਚ ਕੀਤੀ ਗਈ, ਉਨ੍ਹਾਂ ਦੇ ਬਹੁਤ ਵਧੀਆ ਨਤੀਜੇ ਸਾਹਮਣੇ ਆਏ। ਉਸ ਦੇ ਸਰੀਰ ਵਿਚ ਐਂਟੀਬਾਡੀਜ਼ ਦੀ ਗਿਣਤੀ ਵਿਚ ਵੀ ਕਾਫੀ ਵਾਧਾ ਹੋਇਆ ਅਤੇ ਐੱਚਆਈਵੀ ਵਾਇਰਸ ਖਤਮ ਕਰਨ ਵਿਚ ਵੀ ਸਫਲਤਾ ਮਿਲੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਹ ਖੋਜ ਨੇਚਰ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਈ ਹੈ। ਆਪਣੇ ਸਿੱਟੇ ਵਿੱਚ ਮੈਡੀਕਲ ਜਰਨਲ ਨੇ ਇਹਨਾਂ ਐਂਟੀਬਾਡੀਜ਼ ਨੂੰ ਸੁਰੱਖਿਅਤ, ਸ਼ਕਤੀਸ਼ਾਲੀ ਅਤੇ ਕੰਮ ਕਰਨ ਯੋਗ ਦੱਸਿਆ ਹੈ। ਇਹ ਕਿਹਾ ਜਾਂਦਾ ਹੈ ਕਿ ਇਹ ਨਾ ਸਿਰਫ ਛੂਤ ਦੀਆਂ ਬਿਮਾਰੀਆਂ ਦੇ ਇਲਾਜ ਵਿਚ ਅਸਰਦਾਰ ਹੋ ਸਕਦਾ ਹੈ, ਸਗੋਂ ਕੈਂਸਰ ਅਤੇ ਆਟੋਇਮਿਊਨ ਬਿਮਾਰੀਆਂ ਦੇ ਇਲਾਜ ਵਿਚ ਵੀ ਹੋ ਸਕਦਾ ਹੈ।