ਨੈਸ਼ਨਲ ਲੈਵਲ ਦੇ ਸ਼ੂਟਰ ਅਤੇ ਕਾਰਪੋਰੇਟ ਵਕੀਲ ਸੁਖਮਨਪ੍ਰੀਤ ਸਿੰਘ ਉਰਫ ਸਿੱਪੀ ਸਿੱਧੂ ਦੇ ਕਤਲ ਕੇਸ ਵਿੱਚ ਸੀਬੀਆਈ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਐਕਟਿੰਗ ਚੀਫ਼ ਜਸਟਿਸ ਦੀ ਧੀ ਕਲਿਆਣੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਲਿਆਣੀ ਸਿੰਘ ਹੋਮ ਸਾਇੰਸ ਵਿਭਾਗ, ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਫਾਰ ਗਰਲਜ਼, ਸੈਕਟਰ-42, ਚੰਡੀਗੜ੍ਹ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਤਾਇਨਾਤ ਹੈ।
ਸੀਬੀਆਈ ਨੇ ਕਲਿਆਣੀ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨਾਂ ਦੇ ਰਿਮਾਂਡ ’ਤੇ ਲਿਆ ਹੈ। ਕਲਿਆਣੀ ਸਿੰਘ ਦੀ ਮਾਂ ਜਸਟਿਸ ਸਬੀਨਾ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜੱਜ ਰਹਿ ਚੁੱਕੀ ਹੈ।
35 ਸਾਲਾ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਦੀ ਲਾਸ਼ 20 ਸਤੰਬਰ 2015 ਨੂੰ ਚੰਡੀਗੜ੍ਹ ਦੇ ਸੈਕਟਰ-27 ਸਥਿਤ ਪਾਰਕ ਵਿੱਚੋਂ ਮਿਲੀ ਸੀ। ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ। ਪੋਸਟਮਾਰਟਮ ਰਿਪੋਰਟ ਮੁਤਾਬਕ ਸਿੱਪੀ ਦਾ ਕਤਲ ਛੋਟੇ ਹਥਿਆਰ ਨਾਲ ਕੀਤਾ ਗਿਆ ਸੀ। ਕਲਿਆਣੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿੱਪੀ ਦੇ ਭਰਾ ਜਸਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਭਾਵੇਂ ਕਾਰਵਾਈ ਵਿੱਚ ਦੇਰ ਹੋਈ ਪਰ ਹੁਣ ਪਰਿਵਾਰ ਨੂੰ ਇਨਸਾਫ਼ ਦੀ ਆਸ ਬੱਝ ਗਈ ਹੈ।
ਸੀਬੀਆਈ ਦੀ ਹੁਣ ਤੱਕ ਦੀ ਜਾਂਚ ਮੁਤਾਬਕ ਕਲਿਆਣੀ ਸਿੰਘ ਸਿੱਪੀ ਸਿੱਧੂ ਨਾਲ ਪ੍ਰੇਮ ਸਬੰਧਾਂ ਵਿੱਚ ਸੀ। ਉਹ ਸਿੱਪੀ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਸਿੱਪੀ ਦੇ ਪਰਿਵਾਰ ਨੇ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਸੀ। ਦੋਸ਼ ਹੈ ਕਿ ਸਿੱਪੀ ਨੇ ਕਲਿਆਣੀ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਆਪਣੇ ਪਰਿਵਾਰ ਅਤੇ ਦੋਸਤਾਂ ਵਿੱਚ ਲੀਕ ਕਰ ਦਿੱਤੀਆਂ ਸਨ। ਇਸ ਨਾਲ ਕਲਿਆਣੀ ਸਿੰਘ ਅਤੇ ਉਸਦੇ ਪਰਿਵਾਰ ਨੂੰ ਨਮੋਸ਼ੀ ਝੱਲਣੀ ਪਈ।
ਸੀਬੀਆਈ ਮੁਤਾਬਕ 18 ਸਤੰਬਰ 2015 ਨੂੰ ਕਲਿਆਣੀ ਸਿੰਘ ਨੇ ਸਿੱਪੀ ਨਾਲ ਕਿਸੇ ਹੋਰ ਦੇ ਮੋਬਾਈਲ ਫ਼ੋਨ ਰਾਹੀਂ ਸੰਪਰਕ ਕੀਤਾ ਸੀ। ਉਸ ਨੇ ਸਿੱਪੀ ਨੂੰ ਸੈਕਟਰ-27 ਦੇ ਪਾਰਕ ਵਿੱਚ ਮਿਲਣ ਲਈ ਮਜਬੂਰ ਕਰ ਦਿੱਤਾ। ਸਿੱਪੀ 18 ਸਤੰਬਰ ਤੋਂ 20 ਸਤੰਬਰ ਤੱਕ ਕਲਿਆਣੀ ਨੂੰ ਮਿਲਿਆ। 20 ਸਤੰਬਰ ਨੂੰ ਵੀ ਉਹ ਕਲਿਆਣੀ ਨੂੰ ਮਿਲਣ ਸੈਕਟਰ-27 ਦੇ ਪਾਰਕ ਵਿੱਚ ਗਿਆ ਸੀ।
ਸੀਬੀਆਈ ਅਧਿਕਾਰੀਆਂ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇਸ ਗੱਲ ਦੇ ਸਬੂਤ ਹਨ ਕਿ ਕਲਿਆਣੀ ਸਿੱਪੀ ਦੇ ਨਾਲ ਪਾਰਕ ਵਿੱਚ ਮੌਜੂਦ ਸੀ। ਕਲਿਆਣੀ ਨੇ ਇਕ ਅਣਪਛਾਤੇ ਹਮਲਾਵਰ ਨਾਲ ਮਿਲ ਕੇ ਸਿੱਪੀ ਨੂੰ ਗੋਲੀ ਮਾਰ ਦਿੱਤੀ। ਦੋਵਾਂ ਨੂੰ ਮੌਕੇ ਤੋਂ ਭੱਜਦੇ ਦੇਖਿਆ ਗਿਆ।
ਜਾਂਚ ਅਧਿਕਾਰੀਆਂ ਮੁਤਾਬਕ ਪੁੱਛਗਿੱਛ ਦੌਰਾਨ ਕਲਿਆਣੀ ਸਿੰਘ ਨੂੰ ਸਵਾਲਾਂ ਦੇ ਜਵਾਬ ਦੇਣ ਤੋਂ ਬਚਦੇ ਹੋਏ ਦੇਖਿਆ ਗਿਆ। ਪੌਲੀਗ੍ਰਾਫ਼ ਟੈਸਟ ਵਿੱਚ ਵੀ ਉਹ ਸਿੱਪੀ ਦੇ ਕਤਲ ਨਾਲ ਸਬੰਧਤ ਸਵਾਲਾਂ ਤੋਂ ਬਚਦੀ ਨਜ਼ਰ ਆਈ।
ਸੀਬੀਆਈ ਟੀਮ ਮੁਤਾਬਕ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਕਲਿਆਣੀ ਨੇ ਸਿੱਪੀ ਨੂੰ ਮਾਰਨ ਲਈ ਅਣਪਛਾਤੇ ਹਮਲਾਵਰ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ। ਅਜਿਹੀ ਸਥਿਤੀ ਵਿੱਚ ਉਸਨੂੰ 15 ਜੂਨ 2022 ਨੂੰ ਸਵੇਰੇ 11.30 ਵਜੇ ਕਾਨੂੰਨੀ ਫਾਰਮੈਲਿਟੀਆਂ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਕਲਿਆਣੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਅਦਾਲਤ ਵਿੱਚ ਸੀਬੀਆਈ ਨੇ ਦਲੀਲ ਦਿੱਤੀ ਕਿ ਹਮਲਾਵਰ ਦੀ ਪਛਾਣ ਕਰਨ, ਕਤਲ ਵਿੱਚ ਵਰਤੇ ਗਏ ਹਥਿਆਰ ਦਾ ਪਤਾ ਲਗਾਉਣ, ਅਪਰਾਧ ਵਿੱਚ ਵਰਤੇ ਗਏ ਹਥਿਆਰ ਅਤੇ ਵਾਹਨ ਨੂੰ ਬਰਾਮਦ ਕਰਨ ਅਤੇ ਸ਼ਾਮਲ ਅਣਪਛਾਤੇ ਸਾਜ਼ਿਸ਼ਕਾਰਾਂ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਕਲਿਆਣੀ ਸਿੰਘ ਦਾ ਰਿਮਾਂਡ ਜ਼ਰੂਰੀ ਹੈ। ਮਾਮਲੇ ਵਿੱਚ ਅਦਾਲਤ ਨੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਕਲਿਆਣੀ ਸਿੰਘ ਨੂੰ 4 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ।
ਸਿੱਪੀ ਦੇ ਭਰਾ ਜਸਮਨਪ੍ਰੀਤ ਨੇ ਦੱਸਿਆ ਕਿ ਉਸ ਦਾ ਅਤੇ ਕਲਿਆਣੀ ਦੀ ਮਾਂ ਜਸਟਿਸ ਸਬੀਨਾ ਦੇ ਪਰਿਵਾਰ ਵਿਚਾਲੇ 30 ਸਾਲ ਪੁਰਾਣਾ ਰਿਸ਼ਤਾ ਸੀ। ਉਸਦੇ ਦਾਦਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੱਜ ਸਨ ਅਤੇ ਉਸਦੇ ਪਿਤਾ ਇੱਕ ਐਡੀਸ਼ਨਲ ਐਡਵੋਕੇਟ ਜਨਰਲ ਸਨ। ਦੋਵਾਂ ਪਰਿਵਾਰਾਂ ਦੀ ਨੇੜਤਾ ਕਰਕੇ ਸਿੱਪੀ ਅਤੇ ਕਲਿਆਣੀ ਇੱਕ-ਦੂਜੇ ਨੂੰ ਬਚਪਨ ਤੋਂ ਜਾਣਦੇ ਸਨ। ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਸਨ।
ਜਸਮਨਪ੍ਰੀਤ ਮੁਤਾਬਕ ‘ਕਲਿਆਣੀ ਦਾ ਪਰਿਵਾਰ ਆਪਣੇ ਰਿਸ਼ਤੇਦਾਰ ਨਾਲ ਸਾਡੇ ਘਰ ਆਇਆ ਸੀ। ਇਸ ਦੌਰਾਨ ਸਿੱਪੀ ਨੂੰ ਕਲਿਆਣੀ ਦੀਆਂ ਕੁਝ ਤਸਵੀਰਾਂ ਮਿਲੀਆਂ। ਇਸ ਤੋਂ ਬਾਅਦ ਪਤਾ ਲੱਗਾ ਕਿ ਕਲਿਆਣੀ ਕਿਸੇ ਹੋਰ ਨੌਜਵਾਨ ਨਾਲ ਰਿਲੇਸ਼ਨਸ਼ਿਪ ‘ਚ ਹੈ। ਇਸ ‘ਤੇ ਸਾਡੇ ਪਰਿਵਾਰ ਨੇ ਰਿਸ਼ਤੇ ਨੂੰ ਠੁਕਰਾ ਦਿੱਤਾ। ਇਸ ਦਾ ਬਦਲਾ ਲੈਣ ਲਈ ਕਲਿਆਣੀ ਨੇ ਇੱਕ ਸ਼ੂਟਰ ਹਾਇਰ ਕਰਕੇ ਮੇਰੇ ਭਰਾ ਦਾ ਕਤਲ ਕਰਵਾ ਦਿੱਤਾ।
ਕਲਿਆਣੀ ਦੀ ਗ੍ਰਿਫਤਾਰੀ ਤੋਂ ਬਾਅਦ ਸਿੱਪੀ ਦੀ ਬਜ਼ੁਰਗ ਮਾਂ ਦੀਪਿੰਦਰ ਕੌਰ ਸਿੱਧੂ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਕਹਿ ਰਹੇ ਹਨ ਕਿ ਕਲਿਆਣੀ ਤੋਂ ਪੁੱਛਗਿੱਛ ਕੀਤੀ ਜਾਵੇ। ਉਸ ਨੇ ਘਟਨਾ ਵਾਲੀ ਸ਼ਾਮ ਸਿੱਪੀ ਨੂੰ ਸੈਕਟਰ-27 ਦੇ ਪਾਰਕ ਵਿਚ ਬੁਲਾਇਆ ਸੀ। ਸਿੱਪੀ ਕਤਲ ਤੋਂ ਦੋ ਦਿਨ ਪਹਿਲਾਂ ਕੈਨੇਡਾ ਤੋਂ ਵਾਪਸ ਆਇਆ ਸੀ। ਉਹ ਉਸਦੀ ਗੋਦੀ ਵਿੱਚ ਬੈਠਾ ਸੀ। ਉਸੇ ਸਮੇਂ ਫੋਨ ਆਉਣ ‘ਤੇ ਸਿੱਪੀ ਬਾਹਰ ਚਲਾ ਗਿਆ। ਇਸ ਤੋਂ ਬਾਅਦ ਉਸ ਦੀ ਮੌਤ ਦੀ ਖਬਰ ਪਰਿਵਾਰ ਤੱਕ ਪਹੁੰਚ ਗਈ।
ਸਿੱਪੀ ਦੇ ਭਰਾ ਜਸਮਨਪ੍ਰੀਤ ਮੁਤਾਬਕ ਕਲਿਆਣੀ ਸਿੰਘ ਦੀ ਮਾਂ ਜਸਟਿਸ ਸਬੀਨਾ ਉਸ ਸਮੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਤਾਇਨਾਤ ਸੀ, ਜਦੋਂ ਉਸ ਦੇ ਭਰਾ ਦਾ ਕਤਲ ਹੋਇਆ ਸੀ। ਸਿੱਪੀ ਦੀ ਲਾਸ਼ ਮਿਲਣ ਮਗਰੋਂ ਚੰਡੀਗੜ੍ਹ ਪੁਲਿਸ ਨੇ 21 ਸਤੰਬਰ 2015 ਨੂੰ ਸੈਕਟਰ-26 ਥਾਣੇ ਵਿੱਚ ਕਤਲ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਸੀ। ਕਰੀਬ 8 ਮਹੀਨਿਆਂ ਤੱਕ ਚੰਡੀਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਕਰਦੀ ਰਹੀ ਪਰ ਕੋਈ ਕਾਰਵਾਈ ਨਹੀਂ ਕਰ ਸਕੀ।
ਇਸ ਦੌਰਾਨ ਉਸ ਦੇ ਪਰਿਵਾਰ ਨੇ ਕੇਂਦਰੀ ਕਾਨੂੰਨ ਮੰਤਰਾਲੇ ਨੂੰ ਪੱਤਰ ਲਿਖਿਆ, ਜਿਸ ਤੋਂ ਬਾਅਦ ਜਸਟਿਸ ਸਬੀਨਾ ਦਾ ਤਬਾਦਲਾ ਰਾਜਸਥਾਨ ਹਾਈ ਕੋਰਟ ਕਰ ਦਿੱਤਾ ਗਿਆ।
20 ਜਨਵਰੀ 2016 ਨੂੰ ਸਿੱਪੀ ਸਿੱਧੂ ਦੇ ਪਰਿਵਾਰ ਦੀਆਂ ਮੰਗਾਂ ਅਤੇ ਚੌਤਰਫ਼ਾ ਦਬਾਅ ਤੋਂ ਬਾਅਦ ਚੰਡੀਗੜ੍ਹ ਦੇ ਤਤਕਾਲੀ ਗ੍ਰਹਿ ਸਕੱਤਰ ਨੇ ਸਿੱਪੀ ਕਤਲ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੇ ਹੁਕਮ ਜਾਰੀ ਕੀਤੇ ਸਨ। 13 ਅਪ੍ਰੈਲ, 2016 ਨੂੰ, ਸੀਬੀਆਈ ਨੇ ਕਲਿਆਣੀ ਸਿੰਘ ਅਤੇ ਹੋਰਾਂ ਵਿਰੁੱਧ ਕਤਲ, ਅਪਰਾਧਿਕ ਸਾਜ਼ਿਸ਼, ਸਬੂਤ ਨਸ਼ਟ ਕਰਨ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਸੀ। ਸੀਬੀਆਈ ਦੀ ਸਪੈਸ਼ਲ ਕ੍ਰਾਈਮ ਬ੍ਰਾਂਚ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸਿੱਪੀ ਸਿੱਧੂ ਆਪਣੇ ਪਰਿਵਾਰ ਨਾਲ ਮੁਹਾਲੀ ਦੇ ਫੇਜ਼ 3ਬੀ2 ਵਿੱਚ ਰਹਿੰਦੇ ਸਨ। ਸਿੱਪੀ ਦੀ 20 ਸਤੰਬਰ 2015 ਨੂੰ ਰਾਤ 9 ਤੋਂ 10 ਵਜੇ ਦਰਮਿਆਨ ਸੈਕਟਰ-27 ਦੇ ਪਾਰਕ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।