ਫਗਵਾੜਾ : ਵਾਰਡਬੰਦੀ ‘ਚ ਮਹੱਲਾ ਗੁਰੂ ਤੇਗ ਬਹਾਦਰ ਨਗਰ ਫਗਵਾੜਾ ਨੂੰ ਇੱਕ ਵਾਰਡ ਬਨਾਉਣ ਲਈ ਮਹੱਲਾ ਗੁਰੂ ਤੇਗ ਬਹਾਦਰ ਨਗਰ ( ਟਿੱਬੀ ) ਵਾਸੀਆਂ ਦੇ 115 ਦਸਤਖਤਾਂ ਵਾਲਾ ਮੰਗ ਪੱਤਰ ਜਸਵਿੰਦਰ ਪਟਵਾਰੀ , ਸੂਬੇਦਾਰ ਰਤਨ ਲਾਲ ਕੈਲੇ , ਲਖਵੀਰ ਸਿੰਘ , ਰਾਜਵਿੰਦਰ ਅਤੇ ਰਾਜਿੰਦਰ ਰਾਜੂ ਉਤੇ ਅਧਾਰਤ ਵਫਦ ਨੇ ਕਮਿਸ਼ਨਰ ਨਗਰ ਨਿਗਮ ਫਗਵਾੜਾ ਦੇ ਨਾਮ ਸਹਾਇਕ ਕਮਿਸ਼ਨਰ ਸ਼੍ਰੀ ਸੰਦੀਪ ਤਿਵਾੜੀ ਨੂੰ ਦਿੱਤਾ ।
ਵਫਦ ਨੇ ਮੰਗ ਪੱਤਰ ਰਾਂਹੀ ਸਹਾਇਕ ਕਮਿਸ਼ਨਰ ਦੇ ਧਿਆਨ ਚ ਲਿਆਂਦਾ ਕਿ ਮਹੱਲਾ ਗੁਰੂ ਤੇਗ ਬਹਾਦਰ ਨਗਰ ਟਿੱਬੀ ਜਿਆਦਾ ਕਰਕੇ ਆਮ ਸਧਾਰਣ ਲੋਕਾਂ ਦੀ ਅਬਾਦੀ ਵਾਲਾ ਮਹੱਲਾ ਹੈ ਅਤੇ ਰਾਜਸੀ ਤਾਕਤ ਵਾਲੇ ਵਿਅਕਤੀਆਂ ਨੇ ਆਪਣੇ ਨਿਜੀ ਹਿਤਾਂ ਲਈ ਵਾਰਡਬੰਦੀ ਵਿੱਚ ਸਾਡੇ ਮਹੱਲਾ ਗੁਰੂ ਤੇਗ ਬਹਾਦਰ ਨਗਰ ਨੂੰ ਤਿੰਨ ਵਾਰਡਾਂ ਵਿੱਚ ਵੰਡ ਕੇ ਮਹੱਲੇ ਦੇ ਟੁਕੜੇ ਕੀਤੇ ਹੋਏ ਹਨ ਜੋ ਕਿ ਲੋਕ ਹਿਤਾਂ, ਕਾਨੂੰਨ , ਜਮਹੂਰੀ ਕਦਰਾਂ ਕੀਮਤਾਂ ਦੀ ਖਿਲਾਫ ਹੈ । ਸਾਡੇ ਮਹੱਲਾ ਵਾਸੀ ਲੋਕਾਂ ਦੀ ਜ਼ੋਰਦਾਰ ਮੰਗ ਹੈ ਕਿ ਜੀ ਟੀ ਰੋਡ ਤੋਂ ਲੈ ਕੇ ਲੁਧਿਆਣਾ ਰੇਲਵੇ ਲਾਈਨ ਤੱਕ ਅਤੇ ਨਵਾਂਸ਼ਹਿਰ ਰੇਲਵੇ ਲਾਈਨ ਤੋਂ ਬਿਜਲੀ ਘਰ ਤੇ ਜੀ ਐਚ ਐਸ ਸਕੂਲ ਤੱਕ ਨੂੰ ਇਕ ਵਾਰਡ ਬਣਾਇਆ ਜਾਵੇ। ਇਕ ਮਹੱਲੇ ਦੇ ਰਾਜਸੀ ਹਿਤਾਂ ਲਈ ਟੁਕੜੇ ਕਰਨੇ ਨਿੰਦਾਜਨਕ ਹੈ।
ਦੂਜੀ ਮੰਗ ਇਹ ਹੈ ਕਿ ਸਾਡੇ ਮਹੱਲੇ ਗੁਰੂ ਤੇਗ ਬਹਾਦਰ ਨਗਰ ਟਿੱਬੀ ਦਾ ਚੋਣ ਬੂਥ ਵੀ ਸਰਕਾਰੀ ਪ੍ਰਾਇਮਰੀ ਸਕੂਲ ਟਿੱਬੀ ਦੀ ਇਮਾਰਤ ਵਿੱਚ ਹੀ ਬਣਾਇਆ ਜਾਵੇ । ਸਹਾਇਕ ਕਮਿਸ਼ਨਰ ਨੇ ਗੱਲਬਾਤ ਚ ਵਫਦ ਨੂੰ ਦੱਸਿਆ ਕਿ ਹੁਣ ਅਬਾਦੀ ਅਤੇ ਵਰਗਾਂ ਦਾ ਡੋਰ ਟੂ ਡੋਰ ਸਰਵੇ ਕੀਤਾ ਜਾ ਰਿਹਾ ਇਸ ਤੋਂ ਬਾਦ ਵਾਰਡ ਬੰਦੀ ਹੋਣੀ ਹੈ ਅਤੇ ਵਾਰਡਬੰਦੀ ਵਕਤ ਮੰਗ ਪੱਤਰ ਜ਼ਰੂਰ ਵਿਚਾਰਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: