ਪੰਜਾਬ ਦੇ ਸੰਗਰੂਰ ਲੋਕ ਸਭਾ ਉਪ ਚੋਣਾਂ ਲਈ 23 ਜੂਨ ਨੂੰ ਵੋਟਾਂ ਪੈਣੀਆਂ ਹਨ। ਇਸ ਲਈ ਚੋਣ ਪ੍ਰਚਾਰ ਸਿਖਰਾਂ ‘ਤੇ ਹੈ ਤੇ ਨਾਲ ਹੀ ਇੱਕ-ਦੂਜੇ ‘ਤੇ ਦੂਸ਼ਣਬਾਜ਼ੀ ਵੀ ਜੰਮ ਕੇ ਹੋ ਰਹੀ ਹੈ। ਇਨ੍ਹਾਂ ਸਭ ਦੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਢਿੱਲੋਂ ਨੇ ਪਾਰਟੀ ਦਾ ਝੰਡਾ ਬਦਲਿਆ ਹੈ ਪਰ ਉਨ੍ਹਾਂ ਦੀ ਜੈਕੇਟ ਅਜੇ ਵੀ ਕਾਂਗਰਸ ਦੇ ਰੰਗ ਦੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਸਪੇਨ ਵਿਚ ਦੋ ਘਰ ਖਰੀਦੇ ਹਨ। ਉਨ੍ਹਾਂ ਕਿਹਾ ਕਿ ਸਪੇਨ ਵਿਚ ਜਿਸ ਜਗ੍ਹਾ ‘ਤੇ ਕੌਮਾਂਤਰੀ ਡਰੱਗ ਰੈਕੇਟਸ ਰਹਿੰਦੇ ਹਨ ਉਥੇ ਕੇਵਲ ਸਿੰਘ ਢਿੱਲੋਂ ਦਾ ਘਰ ਹੈ। ਦੂਜੇ ਪਾਸੇ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਭਾਜਪਾ ਉਮੀਦਵਾਰ ਢਿੱਲੋਂ ਨੇ ਮਾਨਹਾਨੀਕਾਰਕ ਦੱਸਿਆ ਹੈ ਤੇ ਅਦਾਲਤ ਵਿਚ ਜਾਣ ਦੀ ਧਮਕੀ ਦਿੱਤੀ ਹੈ। ਢਿੱਲੋਂ ਨੇ ਕਿਹਾ ਹੈ ਕਿ ਸੀਐੱਮ ਨੇ ਸਪੇਨ ਖਿਲਾਫ ਵੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਹੈ ਜੋ ਦੋ ਦੇਸ਼ਾਂ ਦੇ ਸਬੰਧਾਂ ਨੂੰ ਖਰਾਬ ਕਰ ਸਕਦਾ ਹੈ।
ਢਿੱਲੋਂ ਕੁਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਹਨ। ਭਾਜਪਾ ਵਿਚ ਸ਼ਾਮਲ ਹੋਣ ਦੇ ਬਾਅਦ ਉਨ੍ਹਾਂ ਨੂੰ ਤੁਰੰਤ ਚੋਣ ਟਿਕਟ ਨਾਲ ਨਿਵਾਜਿਆ ਗਿਆ ਹੈ। ਭਦੌੜ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੀਐੱਮ ਮਾਨ ਨੇ ਕਿਹਾ ਸੀ ਕਿ ਤਸਕਰ ਤੇ ਕੌਮਾਂਤਰੀ ਡਰੱਗ ਰੈਕੇਟਸ ਸਪੇਨ ‘ਚ ਰਹਿੰਦੇ ਸਨ ਅਤੇ ਢਿੱਲੋਂ ਦੇ ਵੀ ਹੁਣ ਉਥੇ ਘਰ ਹਨ। ਉਨ੍ਹਾਂ ਕਿਹਾ ਕਿ ਢਿੱਲੋਂ ਨੂੰ ਗਰੀਬਾਂ ਦੀ ਚਿੰਤਾ ਨਹੀਂ ਹੈ ਕਿਉਂਕਿ ਉਨ੍ਹਾਂ ਕੇਵਲ ਹਵਾਈ ਅੱਡਿਆਂ ਦੀ ਗੱਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਢਿੱਲੋਂ ਵੱਲੋਂ ਚੋਣ ਕਮਿਸ਼ਨ ਵਿਚ ਦਾਖਲ ਕੀਤੇ ਗਏ ਹਲਫਨਾਮੇ ਮੁਤਾਬਕ ਉਨ੍ਹਾਂ ਦੀ ਪਤਨੀ ਤੇ ਉਨ੍ਹਾਂ ਦੇ ਪੁੱਤਰਾਂ ਕੋਲ ਦੱਖਣੀ ਸਪੇਨ ਦੇ ਮਲਾਗਾ ਸੂਬੇ ਦੇ ਰਿਜ਼ਾਰਟ ਸ਼ਹਿਰ ਮਾਰਬਲਾ ਵਿਚ ਦੋ ਫਲੈਟ ਹਨ। ਫਲੈਟ ਨੰਬਰ 203 79.95 ਵਰਗ ਮੀਟਰ ਹੈ ਜਿਸ ਨੂੰ ਅਕਤੂਬਰ 2018 ਵਿਚ ਖਰੀਦਿਆ ਸੀ ਤੇ ਇਸ ਦੀ ਕੀਮਤ 79 ਲੱਖ ਰੁਪਏ ਹੈ। ਫਲੈਟ ਨੰਬਰ 202 173.23 ਵਰਗ ਮੀਟਰ ਹੈ ਜਿਸ ਨੂੰ ਅਪ੍ਰੈਲ 2019 ਵਿਚ ਖਰੀਦਿਆ ਸੀ ਤੇ ਜਿਸ ਦੀ ਕੀਮਤ 1.92 ਕਰੋੜ ਰੁਪਏ ਹੈ। ਹਲਫਨਾਮੇ ਮੁਤਾਬਕ ਢਿੱਲੋਂ ਦਾ ਦਿੱਲੀ ਤੇ ਚੰਡੀਗੜ੍ਹ ਵਿਚ ਵੀ ਘਰ ਹੈ।