ਨੈਸ਼ਨਲ ਸ਼ੂਟਰ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤੀ ਗਈ ਕਲਿਆਣੀ ਸਿੰਘ ਨੂੰ 6 ਦਿਨਾਂ ਲਈ ਸੀਬੀਆਈ ਰਿਮਾਂਡ ਤੋਂ ਬਾਅਦ ਅੱਜ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਸੀਬੀਆਈ ਨੇ ਪਹਿਲਾਂ ਉਸ ਨੂੰ 4 ਦਿਨ ਦੇ ਰਿਮਾਂਡ ‘ਤੇ ਲਿਆ ਸੀ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ 2 ਦਿਨ ਦੇ ਵਾਧੂ ਸੀਬੀਆਈ ਰਿਮਾਂਡ ‘ਤੇ ਭੇਜ ਦਿੱਤਾ ਸੀ।
ਸੀਬੀਆਈ ਨੇ ਮੁਲਜ਼ਮ ਕਲਿਆਣੀ ਸਿੰਘ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ, ਪਰ ਰਿਮਾਂਡ ਨਹੀਂ ਮੰਗਿਆ। ਇਸ ‘ਤੇ ਅਦਾਲਤ ਨੇ ਉਸ ਨੂੰ 5 ਜੁਲਾਈ ਤੱਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ ਵੀ 5 ਜੁਲਾਈ ਨੂੰ ਹੋਵੇਗੀ। ਇਸ ਦੌਰਾਨ ਕਲਿਆਣੀ ਦੇ ਵਕੀਲ ਸਰਤੇਜ ਨਰੂਲਾ ਨੇ ਸੀਬੀਆਈ ਨੂੰ ਇਸ ਕੇਸ ਨਾਲ ਸਬੰਧਤ ਸਾਰੇ ਦਸਤਾਵੇਜ਼ ਦੇਣ ਦੀ ਮੰਗ ਕੀਤੀ ਹੈ।
ਕਲਿਆਣੀ ਦੇ ਵਕੀਲ ਦੀ ਇਸ ਮੰਗ ‘ਤੇ ਸੀਬੀਆਈ ਦੇ ਵਕੀਲ ਨੇ ਕਿਹਾ ਕਿ ਉਹ ਕਤਲ ਦੇ ਦੋਸ਼ੀ ਦੇ ਦਸਤਾਵੇਜ਼ ਕਿਸੇ ਨੂੰ ਨਹੀਂ ਸੌਂਪ ਸਕਦੇ। ਇਸ ਦੌਰਾਨ ਐਡਵੋਕੇਟ ਨਰੂਲਾ ਨੇ ਸੀਬੀਆਈ ਤੋਂ 2020 ਵਿੱਚ ਸੌਂਪੀ ਇਸ ਰਿਪੋਰਟ ਦੀ ਫਾਈਲ ਵੀ ਮੰਗੀ ਹੈ।
ਦੱਸ ਦੇਈਏ ਕਿ ਕਰੀਬ 7 ਸਾਲ ਪਹਿਲਾਂ ਸ਼ੂਟਰ ਅਤੇ ਐਡਵੋਕੇਟ ਸਿੱਪੀ ਸਿੱਧੂ ਦਾ ਸੈਕਟਰ-27 ਸਥਿਤ ਪਾਰਕ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਸੀਬੀਆਈ ਨੇ ਮੁਲਜ਼ਮ ਕਾਲਜ ਪ੍ਰੋਫੈਸਰ ਤੇ ਹਿਮਾਚਲ ਪ੍ਰਦੇਸ਼ ਹਾਈਕੋਰਟ ਦੀ ਜੱਜ ਦੀ ਧੀ ਕਲਿਆਣੀ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਪਿਛਲੀ ਸੁਣਵਾਈ ਦੌਰਾਨ ਸੀਬੀਆਈ ਨੇ ਅਦਾਲਤ ਨੂੰ ਕਿਹਾ ਸੀ ਕਿ ਵਾਰਦਾਤ ਵਿੱਚ ਵਰਤੀ ਗਈ ਗੱਡੀ, ਹਥਿਆਰ ਅਤੇ ਵਾਰਦਾਤ ਵਿੱਚ ਸ਼ਾਮਲ ਹੋਰ ਸਾਥੀਆਂ ਦਾ ਪਤਾ ਲਗਾਇਆ ਜਾਣਾ ਹੈ। ਕਲਿਆਣੀ ਤੋਂ ਸੈਕਟਰ-27 ਵਿੱਚ ਸੀਨ ਰਿਕ੍ਰਿਏਟ ਕਰਵਾਉਣਾ ਹੈ। ਉਸ ਨੂੰ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਸਬੰਧਤ ਥਾਵਾਂ ’ਤੇ ਲਿਜਾਇਆ ਜਾਣਾ ਹੈ। ਕਤਲ ਕੇਸ ਵਿੱਚ ਕਲਿਆਣੀ ਨਾਲ ਇੱਕ ਹੋਰ ਮੁਲਜ਼ਮ ਸ਼ਾਮਲ ਹੈ, ਜਿਸ ਦੀ ਪਛਾਣ ਹੋਣੀ ਬਾਕੀ ਹੈ।