ਕਾਂਗਰਸ ਨੇਤਾ ਰਾਹੁਲ ਗਾਂਧੀ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ‘ਚ ਪੁੱਛਗਿੱਛ ਦੇ ਪੰਜਵੇਂ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਈਡੀ ਦਫਤਰ ‘ਚ ਦੁਬਾਰਾ ਪੇਸ਼ ਹੋਏ। ਮੰਗਲਵਾਰ ਰਾਤ 10 ਵਜੇ ਤੱਕ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਰਹੀ। ਹੁਣ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ, ਉਸ ਮੁਤਾਬਕ ਉਨ੍ਹਾਂ ਨੂੰ ਇਸ ਹਫਤੇ ਦੁਬਾਰਾ ਪੁੱਛਗਿੱਛ ਲਈ ਨਹੀਂ ਬੁਲਾਇਆ ਜਾ ਸਕਦਾ। ਜਾਂਚ ਟੀਮ ਦੇ ਨਾਲ ਕਰੀਬ 12 ਘੰਟੇ ਬਿਤਾਉਣ ਤੋਂ ਬਾਅਦ ਉਹ ਸੋਮਵਾਰ ਅੱਧੀ ਰਾਤ ਨੂੰ ਈਡੀ ਦਫ਼ਤਰ ਤੋਂ ਨਿਕਲੇ ਸਨ।
ਈਡੀ ਦੇ ਸੂਤਰਾਂ ਨੇ ਪਹਿਲਾਂ ਕਿਹਾ ਸੀ ਕਿ ਰਾਹੁਲ ਯੰਗ ਇੰਡੀਅਨ ਵਿਚ ਕੋਲਕਾਤਾ ਸਥਿਤ ਹਵਾਲਾ ਆਪਰੇਟਰਾਂ ਤੋਂ ਮਿਲੇ 1 ਕਰੋੜ ਰੁਪਏ ਦੇ ਕਥਿਤ ਗੈਰ-ਕਾਨੂੰਨੀ ਲੈਣ-ਦੇਣ ਅਤੇ ‘ਰਿਹਾਇਸ਼ ਦੀ ਐਂਟਰੀ‘ ਬਾਰੇ ਕਿਸੇ ਵੀ ਜਾਣਕਾਰੀ ਤੋਂ ਇਨਕਾਰ ਕਰ ਰਹੇ ਹਨ। ਏਜੰਸੀ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਣੇ ਯੰਗ ਇੰਡੀਅਨ ਦੇ ਸ਼ੇਅਰਹੋਲਡਰਾਂ ਖਿਲਾਫ ਕਥਿਤ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ।
ਯੰਗ ਇੰਡੀਆ ਦਾ ਸਭ ਤੋਂ ਵੱਡਾ ਹਿੱਸਾ ਗਾਂਧੀ ਪਰਿਵਾਰ ਕੋਲ ਹੈ। ਉਨ੍ਹਾਂ ਨੇ 2011 ਵਿੱਚ ਐਸੋਸੀਏਟਿਡ ਜਰਨਲ ਲਿਮਿਟੇਡ (ਏਜੇਐਲ) ਦਾ 100 ਫੀਸਦੀ ਹਿੱਸਾ ਲਿਆ ਸੀ। AJL ਉਸ ਵੇਲੇ ਤੱਕ 800 ਕਰੋੜ ਰੁਪਏ ਤੋਂ ਵੱਧ ਦੀ ਅਨੁਮਾਨਿਤ ਜਾਇਦਾਦ ਵਾਲੀ ਕਾਂਗਰਸ ਨਿਯੰਤਰਿਤ ਕੰਪਨੀ ਸੀ।
ਤੁਹਾਨੂੰ ਦੱਸ ਦੇਈਏ ਕਿ ਹਰ ਵਾਰ ਦੀ ਤਰ੍ਹਾਂ ਮੰਗਲਵਾਰ ਨੂੰ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਆਪਣੇ ਭਰਾ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਨਾਲ ਈਡੀ ਦਫਤਰ ਆਈ ਅਤੇ ਉਨ੍ਹਾਂ ਨੂੰ ਛੱਡ ਕੇ ਸੁਰੱਖਿਆ ਬਲਾਂ ਦੇ ਆਪਣੇ ਕਾਫਲੇ ਨਾਲ ਵਾਪਸ ਪਰਤ ਗਈ। ਇਸ ਦੌਰਾਨ ਪੁੱਛਗਿੱਛ ਲਈ ਰੋਸ ਮਾਰਚ ਕਰ ਰਹੇ ਕਈ ਪਾਰਟੀ ਆਗੂਆਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਇਸ ਤੋਂ ਪਹਿਲਾਂ ਈਡੀ ਰਾਹੁਲ ਗਾਂਧੀ ਤੋਂ ਚਾਰ ਵਾਰ ਪੁੱਛਗਿੱਛ ਕਰ ਚੁੱਕੀ ਹੈ। ਇਹ ਪੁੱਛਗਿੱਛ 13, 14, 15 ਅਤੇ 20 ਜੂਨ ਨੂੰ ਹੋਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਈਡੀ ਰਾਹੁਲ ਗਾਂਧੀ ਤੋਂ ਇਸ ਬਾਰੇ ਪੁੱਛ-ਪੜਤਾਲ ਕਰ ਰਹੀ ਹੈ ਕਿ ਯੰਗ ਇੰਡੀਆ ਵੱਲੋਂ ਏਜੇਐਲ ਨੂੰ ਕਿਨ੍ਹਾਂ ਹਾਲਤਾਂ ਵਿਚ ਹਾਸਲ ਕੀਤਾ ਗਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਈਡੀ ਨੇ ਇਸ ਮਾਮਲੇ ਵਿੱਚ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਅਤੇ ਪਵਨ ਬਾਂਸਲ ਸਮੇਤ ਪਾਰਟੀ ਦੇ ਕਈ ਨੇਤਾਵਾਂ ਤੋਂ ਪੁੱਛਗਿੱਛ ਕੀਤੀ ਹੈ। ਈਡੀ ਨੇ ਇਸ ਮਾਮਲੇ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ 23 ਜੂਨ ਨੂੰ ਤਲਬ ਕੀਤਾ ਹੈ। ਉਨ੍ਹਾਂ ਨੂੰ ਕੋਰੋਨਾ ਇਨਫੈਕਸ਼ਨ ਕਰਕੇ 12 ਜੂਨ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹਾਲ ਹੀ ‘ਚ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਫਿਲਹਾਲ ਆਰਾਮ ਕਰਨ ਦੀ ਸਲਾਹ ਦਿੱਤੀ ਹੈ।