ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਤਾਰ ਹੁਣ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨਾਲ ਵੀ ਜੁੜ ਗਏ ਹਨ। ਲੁਧਿਆਣਾ ਪੁਲਿਸ ਨੇ 10 ਦਿਨ ਪਹਿਲਾਂ ਲਾਰੈਂਸ ਦੇ ਖਾਸ ਦੋਸਤ ਟਰਾਂਸਪੋਰਟਰ ਬਲਦੇਵ ਚੌਧਰੀ ਤੇ ਅੰਕੁਸ਼ ਸ਼ਰਮਾ ਨੂੰ 2 ਪਿਸਤੌਲਾਂ ਤੇ 11 ਜ਼ਿੰਦਾ ਕਾਰਤੂਸਾਂ ਸਣੇ ਗ੍ਰਿਫਤਾਰ ਕੀਤਾ ਸੀ। ਬਲਦੇਵ ਚੌਧਰੀ ਨੂੰ ਇਹ ਹਥਿਆਰ ਕੈਨੇਡਾ ਵਿਚ ਬੈਠੇ ਗੋਲਡੀ ਬਰਾੜ ਦੇ ਸਾਥੀ ਨੇ ਮੁਹੱਈਆ ਕਰਾਏ ਹਨ। ਲੁਧਿਆਣਾ ਸੀਆਈਏ-1 ਟੀਮ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ।
ਲੁਧਿਆਣਾ ਪੁਲਿਸ ਬਲਦੇਵ ਨੂੰ ਲੈ ਕੇ ਬਠਿੰਡਾ ਗਈ ਜਿਥੇ ਪੁਲਿਸ ਨੇ ਇੱਕ ਪੈਟਰੋਲ ਪੰਪ ਦੀ ਸੀਸੀਟੀਵੀ ਵੀ ਕਬਜ਼ੇ ਵਿਚ ਲਈ। ਪੁਲਿਸ ਮੁਤਾਬਕ ਗੋਲਡੀ ਬਰਾੜ ਤੇ ਲਾਰੈਂਸ ਦੇ ਸਾਥੀ ਵਾਰਦਾਤ ਕਰਨ ਤੋਂ ਪਹਿਲਾਂ ਤੇ ਵਾਰਦਾਤ ਦੇ ਬਾਅਦ ਚੌਧਰੀ ਤੋਂ ਹੀ ਹਥਿਆਰ ਲੈ ਜਾਂਦੇ ਤੇ ਉਸ ਕੋਲ ਰੱਖਦੇ ਸਨ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਬਲਦੇਵ ਲਾਰੈਂਸ ਤੇ ਗੋਲਡੀ ਬਰਾੜ ਦੇ ਸਾਥੀਆਂ ਦੇ ਹਥਿਆਰ ਆਪਣੇ ਕੋਲ ਰੱਖਦਾ ਰਿਹਾ ਸੀ।
ਮੂਸੇਵਾਲਾ ਹੱਤਿਆਕਾਂਡ ਵਿਚ ਪੁਲਿਸ ਚੌਧਰੀ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਤਲ ਤੋਂ ਪਹਿਲਾਂ ਉਸ ਕੋਲ ਹਥਿਆਰ ਕਦੋਂ ਆਏ ਅਤੇ ਕਦੋਂ ਹਥਿਆਰ ਉਸ ਕੋਲੋਂ ਹਮਲਾਵਰ ਲੈ ਕੇ ਗਏ। ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਗੋਲਡੀ ਬਰਾੜ ਦਾ ਇੱਕ ਹੋਰ ਸਾਥੀ ਲੁਧਿਆਣਾ ਪੁਲਿਸ ਨੇ ਬਲਦੇਵ ਚੌਧਰੀ ਦੀ ਨਿਸ਼ਾਨਦੇਹੀ ‘ਤੇ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਭਾਦਸੋਂ ਨਿਵਾਸੀ ਜਸਕਰਨ ਸਿੰਘ ਉਰਫ ਕਰਨ ਵਜੋਂ ਹੋਈ ਹੈ।
ਕਰਨ 10ਵੀਂ ਪਾਸ ਹੈ ਤੇ ਕਬੱਡੀ ਦਾ ਖਿਡਾਰੀ ਹੈ। ਮੋਹਾਲੀ ‘ਚ ਮਾਰਿਆ ਗਿਆ ਗੁਰਲਾਲ ਬਰਾੜ ਗੋਲਡੀ ਦੀ ਭੂਆ ਦਾ ਮੁੰਡਾ ਹੈ। ਗੁਰਲਾਲ ਤੇ ਕਰਨ ਦੇ ਚੰਗੇ ਸਬੰਧ ਹਨ। ਗੁਰਲਾਲ ਨੇ ਹੀ ਜਸਕਰਨ ਦੀ ਗੋਲਡੀ ਨਾਲ ਗੱਲ ਕਰਵਾਈ ਸੀ। ਜਸਕਰਨ ਨੇ ਪੁਲਿਸ ਨੂੰ ਦੱਸ ਦਿੱਤਾ ਹੈ ਕਿ ਉਸ ਨੂੰ ਸਰਹਿੰਦ ਵਿਚ ਇੱਕ ਵਿਅਕਤੀ ਨੇ ਥੈਲਾ ਦਿੱਤਾ ਸੀ ਜਿਸ ਵਿਚ ਤਿੰਨ ਪਿਸਤੌਲਾਂ ਸਨ। 2 ਪਿਸਤੌਲਾਂ ਬਲਦੇਵ ਚੌਧਰੀ ਨੂੰ ਉਸ ਨੇ ਦਿੱਤੇ ਤੇ ਇਕ ਪਿਸਤੌਲ ਕਿਸੇ ਹੋਰ ਨੂੰ ਦਿੱਤੀ।
ਬਲਦੇਵ ਤੋਂ ਪੁਲਿਸ ਨੂੰ ਮਿਲੀ ਜਾਣਾਕਰੀ ਮੁਤਾਬਕ ਸ਼ਹਿਰ ਵਿਚ ਜੋ ਲੋਕ ਲਾਰੈਂਸ ਦੇ ਕਰੀਬੀ ਰਹੇ ਹਨ ਜਾਂ ਉਸ ਦੇ ਸੰਪਰਕ ਵਿਚ ਹਨ। ਉਹ ਹੁਣ ਪੁਲਿਸ ਜਾਂਚ ਦੇ ਘੇਰੇ ਵਿਚ ਹਨ। ਪੁਲਿਸ ਨੇ ਕੁਝ ਲੋਕਾਂ ਦੀ ਸੂਚੀ ਵੀ ਬਣਾ ਲਈ ਹੈ। ਪੁਲਿਸ ਆਉਣ ਵਾਲੇ ਦਿਨਾਂ ਵਿਚ ਵੱਡੇ ਖੁਲਾਸੇ ਕਰਨ ਜਾ ਰਹੀ ਹੈ।
14 ਜੂਨ ਨੂੰ ਪੁਲਿਸ ਨੇ ਕਾਲੀ ਸੜਕ ਨਿਵਾਸੀ ਬਲਦੇਵ ਚੌਧਰੀ ਉਰਫ ਬੱਲੂ (30) ਤੇ ਉਸ ਦੇ ਸਾਥੀ ਅੰਕਿਤ ਸ਼ਰਮਾ (29) ਨੂੰ ਗ੍ਰਿਫਤਾਰ ਕੀਤਾ ਸੀ। ਬਲਦੇਵ ਚੌਧਰੀ ਲੁਧਿਆਣਾ ਵਿਚ ਇੱਕ ਟਰਾਂਸਪੋਰਟਰ ਹੈ। ਚੌਧਰੀ ਖਿਲਾਫ ਟਰਾਂਸਪੋਰਟ ਨਗਰ ਵਿਚ ਇੱਕ ਕਾਰੋਬਾਰੀ ਦੇ ਦਫਤਰ ਵਿਚ ਵੜ ਕੇ ਕਤਲ ਕਰਨ ਦਾ ਮਾਮਲਾ ਦਰਜ ਹੋਇਆ ਸੀ। ਬਲਦੇਵ ਚੌਧਰੀ ਤੇ ਲਾਰੈਂਸ ਚੰਡੀਗੜ੍ਹ ਵਿਚ ਇਕੱਠੇ ਹੀ ਰਹਿੰਦੇ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: