‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਗਰੂਰ ਜ਼ਿਮਨੀ ਚੋਣ ‘ਚ ਆਪਣੀ ਪਾਰਟੀ ਦੀ ਹਾਰ ਲਈ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਣੇ ਹੋਰ ਸਿਆਸੀ ਪਾਰਟੀਆਂ ਦੇ ਵੋਟ ਸ਼ੇਅਰ ‘ਚ ਗਿਰਾਵਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿੱਤਣ ਵਾਲੇ ਉਮੀਦਵਾਰ ਸਿਮਰਨਜੀਤ ਮਾਨ ਲਈ ਦੂਜਿਆਂ ਦੀ ਹਾਰ ਇੱਕ ਫਾਇਦਾ ਬਣ ਗਈ ਹੈ।
ਇਸ ਸਾਲ ਦੇ ਸ਼ੁਰੂ ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ‘ਆਪ’ ਦੀ ਸ਼ਾਨਦਾਰ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਰਾਘਵ ਚੱਢਾ ਨੇ ਟਵਿੱਟਰ ‘ਤੇ ਕਿਹਾ ਕਿ ਭਾਵੇਂ ‘ਆਪ’ ਸੀਟ ਹਾਰ ਗਈ ਹੈ, ਪਰ ਉਸ ਨੇ ਆਪਣਾ ਵੋਟ ਸ਼ੇਅਰ 37 ਫੀਸਦੀ ਨਾਲ ਮਾਮੂਲੀ ਗਿਰਾਵਟ ਦੇ ਨਾਲ 35 ਫੀਸਦੀ ‘ਤੇ ਬਰਕਰਾਰ ਰਖਿਆ ਹੈ।
ਪੰਜਾਬ ਤੋਂ ਰਾਜ ਸਭਾ ਮੈਂਬਰ ਚੱਢਾ ਨੇ ਟਵੀਟ ਕੀਤਾ, “ਅਸੀਂ ਪੂਰੀ ਨਿਮਰਤਾ ਨਾਲ ਸੰਗਰੂਰ ਦੇ ਫਤਵੇ ਨੂੰ ਸਵੀਕਾਰ ਕਰਦੇ ਹਾਂ। ਅਸੀਂ ਹੋਰ ਮਿਹਨਤ ਕਰਾਂਗੇ। ਅਕਾਲੀ ਦਲ 24 ਫੀਸਦੀ ਤੋਂ 6 ਫੀਸਦੀ, ਕਾਂਗਰਸ 27 ਫੀਸਦੀ ਤੋਂ 11 ਫੀਸਦੀ, ਆਪ 37 ਫੀਸਦੀ ਤੋਂ 35 ਫੀਸਦੀ ‘ਤੇ ਆ ਗਈ। ਇਸ ਤੋਂ ਜ਼ਾਹਿਰ ਹੈ ਕਿ ‘ਆਪ’ ਦਾ ਵੋਟ ਬੈਂਕ ਬਣਿਆ ਰਿਹਾ। ਬਾਕੀ ਪਾਰਟੀਆਂ ਦੀ ਵੋਟ ਸਿਮਨਜੀਤ ਸਿੰਘ ਨੂੰ ਗਈ। ਪੰਜਾਬ ਨੇ ਦੂਜੀਆਂ ਸਾਰੀਆਂ ਪਾਰਟੀਆਂ ਦਾ ਸਫਾਇਆ ਕਰ ਦਿੱਤਾ।”
ਦੱਸ ਦੇਈਏ ਕਿ ਭਗਵੰਤ ਮਾਨ 2014 ਅਤੇ 2019 ਵਿੱਚ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤੇ ਸਨ ਪਰ ਧੂਰੀ ਤੋਂ ਵਿਧਾਇਕ ਅਤੇ ਬਾਅਦ ਵਿੱਚ ਮੁੱਖ ਮੰਤਰੀ ਚੁਣੇ ਜਾਣ ਤੋਂ ਬਾਅਦ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਸੀਟ ‘ਤੇ ਜਿੱਤ ਨੂੰ ਆਮ ਆਦਮੀ ਪਾਰਟੀ ‘ਤੇ ਪੰਜਾਬ ਦੇ ਲੋਕਾਂ ਵੱਲੋਂ ਸਵੀਕਾਰਨ ਦੀ ਮੋਹਰ ਵਜੋਂ ਵੇਖਿਆ ਜਾ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਦੂਜੇ ਪਾਸੇ ਇਸ ਸੀਟ ਤੋਂ ਜਿੱਤੇ ਸਿਮਰਨਜੀਤ ਸਿੰਘ ਮਾਨ (77) ਨੇ ਕਰੀਬ ਦੋ ਦਹਾਕਿਆਂ ਬਾਅਦ ਸੰਸਦ ਵਿੱਚ ਵਾਪਸੀ ਕਰਦੇ ਹੋਏ ਆਪਣੇ ਨੇੜਲੇ ਵਿਰੋਧੀ ਅਤੇ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੇਲ ਸਿੰਘ ਨੂੰ 5,822 ਵੋਟਾਂ ਨਾਲ ਹਰਾ ਦਿੱਤਾ। ਸਰਕਾਰੀ ਅੰਕੜਿਆਂ ਮੁਤਾਬਕ ਸਿਮਰਨਜੀਤ ਸਿੰਘ ਮਾਨ ਨੂੰ 2,53,154 ਵੋਟਾਂ ਮਿਲੀਆਂ ਜਦਕਿ ਗੁਰਮੇਲ ਸਿੰਘ ਨੂੰ 2,47,332 ਵੋਟਾਂ ਮਿਲੀਆਂ।