ਭਾਰਤ ਦਾ ‘ਤੇਜਸ’ ਹਲਕਾ ਲੜਾਕੂ ਜਹਾਜ਼ ਮਲੇਸ਼ੀਆ ਦੀ ਪਹਿਲੀ ਪਸੰਦ ਵਜੋਂ ਉਭਰਿਆ ਹੈ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ ਆਪਣੇ ਪੁਰਾਣੇ ਲੜਾਕੂ ਜਹਾਜ਼ਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਿੰਦੁਸਤਾਨ ਐਰੋਨਾਟਿਕਸ ਲਿਮਿਟੇਡ (HAL) ਵੱਲੋਂ ਬਣਾਏ ਗਏ ਤੇਜਸ ਨੇ ਚੀਨੀ ਅਤੇ ਦੱਖਣੀ ਕੋਰੀਆ ਦੇ ਜਹਾਜ਼ਾਂ ਨੂੰ ਪਛਾੜ ਦਿੱਤਾ ਹੈ।
ਐਚਏਐਲ ਦੇ ਚੇਅਰਮੈਨ ਨੇ ਕਿਹਾ ਕਿ ਮਲੇਸ਼ੀਆ ਨੇ ਚੀਨੀ ਜਹਾਜ਼ ਜੇਐਫ-17, ਦੱਖਣੀ ਕੋਰੀਆ ਦੇ ਜਹਾਜ਼ ਐਫਏ-50 ਅਤੇ ਰੂਸ ਦੇ ਮਿਗ-35 ਅਤੇ ਯਾਕ-130 ਦੇ ਸਖ਼ਤ ਮੁਕਾਬਲੇ ਦੇ ਬਾਵਜੂਦ ਤੇਜਸ ਵਿੱਚ ਵਿਸ਼ਵਾਸ ਜਤਾਇਆ ਹੈ। ਦੋਵੇਂ ਧਿਰਾਂ ਤੇਜਸ ਜਹਾਜ਼ ਨੂੰ ਲੈ ਕੇ ਗੱਲਬਾਤ ਕਰ ਰਹੀਆਂ ਹਨ, ਤਾਂ ਜੋ ਖਰੀਦ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਸਕੇ।
ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (ਐੱਚ.ਏ.ਐੱਲ.) ਦੇ ਮੈਨੇਜਿੰਗ ਡਾਇਰੈਕਟਰ ਅਤੇ ਚੇਅਰਮੈਨ ਆਰ ਮਾਧਵਨ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਭਾਰਤ ਨੇ ਪੈਕੇਜ ਦੇ ਹਿੱਸੇ ਵਜੋਂ ਮਲੇਸ਼ੀਆ ਵਿੱਚ ਐਮਆਰਓ (ਮੇਨਟੇਨੈਂਸ, ਮੁਰੰਮਤ ਅਤੇ ਓਵਰਹਾਲ) ਸਹੂਲਤ ਸਥਾਪਤ ਕਰਨ ਦੀ ਪੇਸ਼ਕਸ਼ ਕੀਤੀ ਹੈ, ਕਿਉਂਕਿ ਮਲੇਸ਼ੀਆ ਨੂੰ ਮਾਸਕੋ ਉੱਤੇ ਲਾਈਆਂ ਗਈਆਂ ਪਾਬੰਦੀਆਂ ਕਾਰਨ ਰੂਸ ਤੋਂ ਖਰੀਦੇ ਗਏ ਐਸਯੂ-30 ਜਹਾਜ਼ਾਂ ਦੇ ਪੁਰਜ਼ੇ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਮੈਨੂੰ ਇਸ ‘ਤੇ ਪੂਰਾ ਯਕੀਨ ਹੈ ਬਸ਼ਰਤੇ ਕੋਈ ਸਿਆਸੀ ਬਦਲਾਅ ਨਾ ਹੋਵੇ।
ਰਾਜ-ਸੰਚਾਲਿਤ ਵਿਸ਼ਾਲ ਏਰੋਸਪੇਸ ਕੰਪਨੀ ਦੇ ਚੋਟੀ ਦੇ ਕਾਰਜਕਾਰੀ ਨੇ ਕਿਹਾ ਕਿ ਜੇ ਸੌਦਾ ਪੂਰਾ ਹੋ ਜਾਂਦਾ ਹੈ, ਤਾਂ ਇਹ ਜਹਾਜ਼ ਦੇ ਹੋਰ ਸੰਭਾਵੀ ਖਰੀਦਦਾਰਾਂ ਨੂੰ “ਬਹੁਤ ਵਧੀਆ ਸੰਕੇਤ” ਭੇਜੇਗਾ ਅਤੇ ਇਸਦੀ ਸਮੁੱਚੀ ਨਿਰਯਾਤ ਸੰਭਾਵਨਾ ਨੂੰ ਵਧਾਏਗਾ। ਮਾਧਵਨ ਨੇ ਕਿਹਾ, ”ਗੱਲਬਾਤ ਲਗਭਗ ਅੰਤਿਮ ਪੜਾਅ ‘ਤੇ ਹੈ। ਭਾਰਤ ਇਕੱਲਾ ਅਜਿਹਾ ਦੇਸ਼ ਹਾਂ ਜੋ ਉਨ੍ਹਾਂ ਨੂੰ Su-30 ਜਹਾਜ਼ਾਂ ਦੇ ਨਾਲ-ਨਾਲ ਰੂਸ ਤੋਂ ਇਲਾਵਾ ਹੋਰ ਦੇਸ਼ਾਂ ਦੇ ਜਹਾਜ਼ਾਂ ਲਈ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ। ਅਸੀਂ ਮਲੇਸ਼ੀਆ ਨੂੰ ਇਸਦੇ ਫਲੀਟ ਦੇ ਰੱਖ-ਰਖਾਅ ਨਾਲ ਸਬੰਧਤ ਹਰ ਜ਼ਰੂਰਤ ਵਿੱਚ ਸਹਾਇਤਾ ਕਰ ਸਕਦੇ ਹਾਂ।
ਇਹ ਪਤਾ ਲੱਗਾ ਹੈ ਕਿ ਚੀਨੀ JF-17 ਸਸਤਾ ਸੀ, ਪਰ ਇਹ ਤੇਜਸ Mk-IA ਵੇਰੀਐਂਟ ਦੇ ਤਕਨੀਕੀ ਮਾਪਦੰਡਾਂ ਅਤੇ ਭਾਰਤ ਵੱਲੋਂ ਪੇਸ਼ ਕੀਤੀ ਗਈ Su-30 ਫਲੀਟ ਮੇਨਟੇਨੈਂਸ ਪੇਸ਼ਕਸ਼ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ। ਖਰੀਦ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਅਧਿਕਾਰੀਆਂ ਅਤੇ ਮਾਹਿਰਾਂ ਦੀ ਟੀਮ ਦੇ ਜਲਦ ਹੀ ਭਾਰਤ ਆਉਣ ਦੀ ਉਮੀਦ ਹੈ। ਮਾਧਵਨ ਨੇ ਕਿਹਾ ਕਿ ਤੇਜਸ JF-17 ਅਤੇ FA-50 ਨਾਲੋਂ ਬਿਹਤਰ ਜਹਾਜ਼ ਹੈ ਅਤੇ ਭਾਰਤੀ ਜਹਾਜ਼ਾਂ ਦੀ ਚੋਣ ਨਾਲ ਮਲੇਸ਼ੀਆ ਨੂੰ ਭਵਿੱਖ ਵਿੱਚ ਆਪਣੇ ਬੇੜੇ ਨੂੰ ਅਪਗ੍ਰੇਡ ਕਰਨ ਦਾ ਬਦਲ ਮਿਲੇਗਾ।
ਤੇਜਸ ਇੱਕ ਸਿੰਗਲ ਇੰਜਣ ਅਤੇ ਉੱਚ ਸਮਰੱਥਾ ਵਾਲਾ ਮਲਟੀ-ਰੋਲ ਲੜਾਕੂ ਜਹਾਜ਼ ਹੈ, ਜੋ ਹਾਈ ਰਿਸਕ ਵਾਲੇ ਹਵਾਈ ਵਾਤਾਵਰਨ ਵਿੱਚ ਕੰਮ ਕਰਨ ਦੇ ਸਮਰੱਥ ਹੈ। ਪਿਛਲੇ ਸਾਲ ਫਰਵਰੀ ਵਿੱਚ ਰੱਖਿਆ ਮੰਤਰਾਲੇ ਨੇ ਭਾਰਤੀ ਹਵਾਈ ਸੈਨਾ ਲਈ 83 ਤੇਜਸ ਲੜਾਕੂ ਜਹਾਜ਼ਾਂ ਦੀ ਖਰੀਦ ਲਈ HAL ਨਾਲ 48,000 ਕਰੋੜ ਰੁਪਏ ਦਾ ਸੌਦਾ ਕੀਤਾ ਸੀ। ਭਾਰਤ ਨੇ ਤੇਜਸ ਦੇ Mk-II ਵੇਰੀਐਂਟ ਦੇ ਨਾਲ ਪੰਜਵੀਂ ਪੀੜ੍ਹੀ ਦੇ ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ (AMCA) ਨੂੰ ਵਿਕਸਿਤ ਕਰਨ ਲਈ 5 ਬਿਲੀਅਨ ਡਾਲਰ ਦੇ ਇੱਕ ਉਤਸ਼ਾਹੀ ਪ੍ਰੋਜੈਕਟ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: