ਪੰਜਾਬ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਨੌਜਵਾਨ ਆਪਣੀ ਜਵਾਨੀ ਰੋਲ ਰਹੇ ਹਨ। ਘਰ ਵਿੱਚ ਇੱਕ ਵੀ ਬੰਦਾ ਨਸ਼ੇ ਵਿੱਚ ਫਸਿਆ ਹੋਵੇ ਤਾਂ ਪੂਰਾ ਪਰਿਵਾਰ ਹੀ ਉਸ ਪਿੱਛੇ ਪ੍ਰੇਸ਼ਾਨ ਹੋਇਆ ਰਹਿੰਦਾ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਕਲਾਂ ਵਿੱਚ 23 ਸਾਲਾਂ ਨੌਜਵਾਨ ਜੋ ਕਿ ਚਿੱਟੇ ਦਾ ਨਸ਼ਾ ਕਰਨ ਦਾ ਆਦੀ ਸੀ, ਨੂੰ ਉਸ ਦੀ ਮਾਂ ਨੇ ਲੋਹੇ ਦੇ ਸੰਗਲਾਂ ਨਾਲ ਬੰਨ੍ਹ ਕੇ ਰਖਿਆ ਹੈ। ਉਹ ਕਈ ਵਾਰ ਚਾਰਾ ਵੱਢਣ ਲਈ ਉਸ ਨੂੰ ਆਪਣੇ ਨਾਲ ਲੈ ਜਾਂਦੀ ਹੈ ਪਰ ਆ ਕੇ ਫਿਰ ਉਸ ਨੂੰ ਸੰਗਲਾਂ ਨਾਲ ਬੰਨ੍ਹ ਦਿੰਦੀ ਹੈ।
ਉਸ ਦਾ ਕਹਿਣਾ ਹੈ ਕਿ ਪੁੱਤਰ ਨਸ਼ੇ ਦੀ ਪੂਰਤੀ ਲਈ ਘਰ ਦੀ ਭੰਨਤੋੜ ਕਰਦਾ ਸੀ। ਉਹ ਘਰ ਦਾ ਸਾਮਾਨ ਚੋਰੀ ਕਰਕੇ ਵੇਚਦਾ ਸੀ। ਨੌਜਵਾਨ ਦੇ ਚਾਚੇ ਨੇ ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਦੀ ਮਦਦ ਨਾਲ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ।
ਉਸ ਦੀ ਮਾਤਾ ਦਰਜੋ ਰਾਣੀ ਨੇ ਦੱਸਿਆ ਕਿ ਉਸ ਦਾ 23 ਸਾਲਾ ਮੁੰਡਾ ਦਿਹਾੜੀ ਦੇ ਪੈਸਿਆਂ ਨੂੰ ਲੈ ਕੇ ਪਿਛਲੇ 5-6 ਸਾਲਾਂ ਤੋਂ ਨਸ਼ਾ ਕਰ ਰਿਹਾ ਹੈ। ਉਹ ਹਰ ਰੋਜ਼ 800 ਰੁਪਏ ਦੇ ਟੀਕੇ ਲਾ ਲੈਂਦਾ ਸੀ। ਪੈਸੇ ਪੂਰੇ ਕਰਨ ਲਈ ਉਹ ਕਈ ਵਾਰ ਘਰ ਦਾ ਸਮਾਨ ਚੋਰੀ ਕਰਕੇ ਵੇਚਦਾ ਸੀ। ਉਸਦਾ ਪਤੀ ਅਤੇ ਦੂਜਾ ਪੁੱਤਰ ਮਜ਼ਦੂਰੀ ਕਰਦੇ ਹਨ ਤਾਂ ਜੋ ਘਰ ਦਾ ਗੁਜ਼ਾਰਾ ਚੱਲ ਸਕੇ। ਨਸ਼ਾ ਪੂਰਾ ਨਾ ਹੋਣ ‘ਤੇ ਪੁੱਤਰ ਲੋਕਾਂ ‘ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰਦਾ ਹੈ।
ਆਪਣੇ ਮੁੰਡੇ ਦੀ ਭੈੜੀ ਆਦਤ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਮਜਬੂਰੀ ਵੱਸ ਪਿੱਛਲੇ 8 ਦਿਨਾਂ ਤੋਂ ਲੋਹੇ ਦੇ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਹੈ। ਘਰੋਂ ਪੈਸੇ ਨਾ ਮਿਲਣ ‘ਤੇ ਉਹ ਪਰਿਵਾਰ ਨਾਲ ਕੁੱਟਮਾਰ ਸ਼ੁਰੂ ਕਰ ਦਿੰਦਾ ਹੈ। ਨੌਜਵਾਨ ਦੀ ਮਾਂ ਨੇ ਕਿਹਾ ਕਿ ਅਸੀਂ ਸਾਰੇ ਘਰ ਨੂੰ ਤਾਲੇ ਲਾ ਕੇ ਰੱਖਦੇ ਹਾਂ। ਪੁੱਤਰ ਦੀ ਇਸ ਆਦਤ ਤੋਂ ਪੂਰਾ ਪਰਿਵਾਰ ਬਹੁਤ ਪਰੇਸ਼ਾਨ ਹੈ।
ਦਰਜੋ ਰਾਣੀ ਨੇ ਦੱਸਿਆ ਕਿ ਉਹ ਰਾਤ ਨੂੰ ਪੁੱਤਰ ਨੂੰ ਬੰਨ੍ਹ ਕੇ ਰੱਖਦੀ ਹੈ ਤਾਂ ਜੋ ਉਹ ਕਿਤੇ ਜਾ ਕੇ ਨਸ਼ਾ ਨਾ ਕਰੇ। ਮਾਂ ਨੇ ਦੱਸਿਆ ਕਿ ਕਈ ਵਾਰ ਉਸ ਦਾ ਦਿਲ ਪਸੀਜ ਜਾਂਦਾ ਹੈ ਤਾਂ ਉਹ ਚੇਨ ਖੋਲ੍ਹਦੀ ਹੈ। ਪੁੱਤਰ ਉਸ ਦੇ ਨਾਲ ਖੇਤਾਂ ਵਿੱਚੋਂ ਪਸ਼ੂਆਂ ਲਈ ਚਾਰਾ ਲੈਣ ਜਾਂਦਾ ਹੈ। ਉਨ੍ਹਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਮਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਠੀਕ ਹੋ ਜਾਵੇ। ਔਰਤ ਨੇ ਦੱਸਿਆ ਕਿ ਉਸ ਦੇ ਪਿੰਡ ‘ਚ ਹੀ ਨਸ਼ਾ ਵਿਕਦਾ ਹੈ। ਪੰਜਾਬ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਨਸ਼ਿਆਂ ਨੂੰ ਰੋਕਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਬਰਬਾਦ ਨਾ ਹੋਵੇ।
ਵੀਡੀਓ ਲਈ ਕਲਿੱਕ ਕਰੋ -: