ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ 5 ਨਵੇਂ ਮੰਤਰੀਆਂ ਨੇ ਸਹੁੰ ਚੁੱਕ ਲਈ ਹੈ। ਇਨ੍ਹਾਂ ਵਿਚ ਅਮਨ ਅਰੋੜਾ, ਅਨਮੋਲ ਗਗਨ ਮਾਨ, ਚੇਤਨ ਸਿੰਘ ਜੋੜਾਮਾਜਰਾ, ਡਾ. ਇੰਦਰਬੀਰ ਨਿੱਝਰ ਤੇ ਫੌਜਾ ਸਿੰਘ ਸਰਾਰੀ ਸ਼ਾਮਲ ਹਨ।
ਸਭ ਤੋਂ ਪਹਿਲਾਂ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਫਿਰ ਅੰਮ੍ਰਿਤਸਰ ਤੋਂ ਵਿਧਾਇਕ ਡਾ. ਇੰਦਰਬੀਰ ਨਿੱਝਰ ਨੇ ਸਹੁੰ ਚੁੱਕੀ। ਤੀਜੇ ਨੰਬਰ ‘ਤੇ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਫੌਜਾ ਸਿੰਘ ਸਰਾਰੀ ਨੇ ਸਹੁੰ ਚੁੱਕੀ। ਚੌਥੇ ਨੰਬਰ ‘ਤੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਸਹੁੰ ਚੁੱਕੀ। ਮਾਰਚ ਮਹੀਨੇ ਵਿਚ ਸਰਕਾਰ ਬਣਨ ਦੇ 3 ਮਹੀਨੇ ਬਾਅਦ ਆਮ ਆਦਮੀ ਪਾਰਟੀ ਸਰਕਾਰ ਦਾ ਇਹ ਪਹਿਲਾ ਕੈਬਨਿਟ ਵਿਸਥਾਰ ਹੈ।
ਕੈਬਨਿਟ ਵਿਸਥਾਰ ਵਿਚ ਦੂਜੀ ਵਾਰ ਵਿਧਾਇਕ ਬਣੀ ਪ੍ਰੋ. ਬਲਜਿੰਦਰ ਕੌਰ, ਸਰਬਜੀਤ ਕੌਰ ਮਾਣੂੰਕੇ ਤੇ ਪ੍ਰਿੰਸੀਪਲ ਬੁੱਧਰਾਮ ਨੂੰ ਝਟਕਾ ਲੱਗਾ ਹੈ। ਉੁਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ ਵੀ ਮੰਤਰੀ ਅਹੁਦੇ ਲਈ ਜ਼ੋਰ ਲਗਾ ਰਹੀ ਸੀ ਪਰ ਗੱਲ ਨਹੀਂ ਬਣੀ।
ਕੈਬਨਿਟ ਵਿਸਥਾਰ ਦੇ ਬਾਅਦ ਆਪ ਸਰਕਾਰ ਵਿਚ ਮੁੱਖ ਮੰਤਰੀ ਸਣੇ 14 ਮੰਤਰੀ ਹੋ ਜਾਣਗੇ। ਸਰਕਾਰ ਨੇ ਸ਼ੁਰੂ ਵਿਚ 10 ਮੰਤਰੀਆਂ ਨੂੰ ਸਹੁੰ ਚੁਕਾਈ ਸੀ। ਇਨ੍ਹਾਂ ਵਿਚੋਂ ਹੈਲਥ ਮਨਿਸਟਰ ਡਾ. ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਕੇਸ ਵਿਚ ਬਰਖਾਸਤ ਕੀਤਾ ਜਾ ਚੁੱਕਾ ਹੈ। ਪੰਜਾਬ ਵਿਚ ਮੁੱਖ ਮੰਤਰੀ ਸਣੇ 18 ਮੰਤਰੀ ਬਣਾਏ ਜਾ ਸਕਦੇ ਹਨ।
ਮਾਨ ਸਰਕਾਰ ਵਿਚ 3 ਮੰਤਰੀਆਂ ਦੇ ਅਹੁਦੇ ਖਾਲੀ ਰਹਿਣਗੇ। ਇਨ੍ਹਾਂ ਨੂੰ ਆਮ ਆਦਮੀ ਪਾਰਟੀ 204 ਤੱਕ ਖਾਲੀ ਰੱਖ ਸਕਦੀ ਹੈ। ਉਦੋਂ ਲੋਕ ਸਭਾ ਚੋਣਾਂ ਹੋਣੀਆਂ ਹਨ। ਉਸ ਸਮੇਂ ਦੇ ਸਿਆਸੀ ਗਣਿਤ ਨੂੰ ਦੇਖਦੇ ਹੋਏ ਇਨ੍ਹਾਂ ਨਵੇਂ ਮੰਤਰੀਆਂ ਦੀ ਸਰਕਾਰ ਵਿਚ ਐਂਟਰੀ ਕਰਾਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: