ਆਮ ਆਦਮੀ ਪਾਰਟੀ ਵੱਲੋਂ ਅੱਜ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ। 5 ਨਵੇਂ ਮੰਤਰੀਆਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ। ਅਮਨ ਅਰੋੜਾ, ਡਾ. ਨਿੱਝਰ, ਸਰਾਰੀ, ਜੌੜਾਮਾਜਰਾ ਤੇ ਅਨਮੋਲ ਗਗਨ ਮਾਨ ਨੂੰ ਨਵੇਂ ਮੰਤਰੀਆਂ ਵਜੋਂ ਚੁਣਿਆ ਗਿਆ ਹੈ। ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਸਾਰਿਆਂ ਨੂੰ ਵਧਾਈ ਦਿੱਤੀ।
ਟਵੀਟ ਕਰਦਿਆਂ ਮੁੱਖ ਮੰਤਰੀ ਮਾਨ ਨੇ ਲਿਖਿਆ-‘ਪੰਜਾਬ ਮੰਤਰੀ-ਮੰਡਲ ‘ਚ ਚੁਣੇ ਜਾਣ ‘ਤੇ ਸਾਰੇ ਮੰਤਰੀ ਸਾਹਿਬਾਨਾਂ ਨੂੰ ਵਧਾਈਆਂ..ਮੈਨੂੰ ਪੂਰਨ ਆਸ ਹੈ ਕਿ ਨਵੇਂ ਚੁਣੇ ਮੰਤਰੀ ਸਾਹਿਬਾਨ ਪੰਜਾਬ ਦੇ ਲੋਕਾਂ ਦੀਆਂ ਆਸਾਂ-ਉਮੀਦਾਂ ‘ਤੇ ਖਰ੍ਹੇ ਉਤਰਨਗੇ।’ ਆਪਣੀ ਜ਼ਿੰਮੇਵਾਰੀ ਪੰਜਾਬ-ਪੰਜਾਬੀਆਂ ਪ੍ਰਤੀ ਪੂਰੀ ਤਨਦੇਹੀ-ਦ੍ਰਿੜਤਾ ਨਾਲ ਨਿਭਾਉਣਗੇ..ਨਵੀਂ ਸ਼ੁਰੂਆਤ ਲਈ ਸਾਰਿਆਂ ਨੂੰ ਦਿਲੋਂ ਸ਼ੁੱਭਕਾਮਨਾਵਾਂ..।’
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਚੁਣੇ ਗਏ ਵਿਧਾਇਕਾਂ ਨੂੰ 1-2 ਦਿਨਾਂ ਵਿੱਚ ਮਹਿਕਮਿਆਂ ਦੀ ਵੰਡ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਦਾ ਵਿਸਥਾਰ ਹੋਣ ਨਾਲ ਹੁਣ ਆਉਣ ਵਾਲੇ ਦਿਨਾਂ ਵਿੱਚ ਕਈ ਵੱਡੇ ਘਪਲਿਆਂ ਦਾ ਵੀ ਪਰਦਾਫਾਸ਼ ਹੋਵੇਗਾ, ਜਿਨ੍ਹਾਂ ਨੂੰ ਵੇਖ ਕੇ ਲੋਕ ਵੀ ਹੈਰਾਨ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਜੋ 75 ਸਾਲਾਂ ਵਿੱਚ ਬੇੜਾ ਗਰਕ ਹੋਇਆ ਹੈ ਉਸ ਨੂੰ ਉਹ ਸੁਧਾਰਨਗੇ। ਤੇ ਨਵੇਂ ਮੰਤਰੀ ਨੂੰ ਦਿੱਤੇ ਜਾਣ ਵਾਲੇ ਵਿਭਾਗਾਂ ਨਾਲ ਸਰਕਾਰ ਲੋਕਾਂ ਦੇ ਜੀਵਨ ‘ਚ ਤਬਦੀਲੀ ਲਿਆਵੇਗੀ।
ਮੰਤਰੀ ਨਾ ਬਣਾਏ ਜਾਣ ‘ਤੇ ਕੁਝ ਵਿਧਾਇਕ ਨਾਰਾਜ਼ ਵੀ ਹਨ। ਇਸ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ 92 ਵਿਧਾਇਕ ਹਨ ਤੇ ਜਿਨ੍ਹਾਂ ਨੂੰ ਮੰਤਰੀ ਅਹੁਦਾ ਨਹੀਂ ਦਿੱਤਾ ਗਿਆ ਉਨ੍ਹਾਂ ਨੂੰ ਜਲਦ ਹੀ ਕੋਈ ਨਾ ਕੋਈ ਜ਼ਿੰਮੇਵਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੇਰੇ ਕੋਲ ਕਈ ਵਿਭਾਗ ਹਨ ਤੇ ਨਵੇਂ ਮੰਤਰੀਆਂ ਨੂੰ ਵੀ 1-2 ਦਿਨਾਂ ਵਿਚ ਪੋਰਟਫੋਲੀਓ ਦਿੱਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: