ਅਗਨੀਪਥ ਸਕੀਮ ਦੇ ਤਹਿਤ ਭਾਰਤੀ ਹਵਾਈ ਫੌਜ ਵਿੱਚ ਅਗਨੀਵੀਰਾਂ ਦੀ ਭਰਤੀ ਲਈ ਵੱਡੀ ਗਿਣਤੀ ਵਿੱਚ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਭਾਰਤੀ ਹਵਾਈ ਫੌਜ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅਰਜ਼ੀ ਦੀ ਆਖਰੀ ਮਿਤੀ ਯਾਨੀ 5 ਜੁਲਾਈ 2022 ਤੱਕ ਅਗਨੀਵੀਰ ਭਰਤੀ ਲਈ ਕੁੱਲ 749899 ਅਰਜ਼ੀਆਂ ਪ੍ਰਾਪਤ ਹੋਈਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਹਵਾਈ ਫੌਜ ਦੀ ਕਿਸੇ ਵੀ ਭਰਤੀ ਲਈ ਇਹ ਸਭ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਅਜਿਹੇ ‘ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਏਅਰ ਫੋਰਸ ਦੀ ਅਗਨੀਵੀਰ ਭਰਤੀ ਲਈ ਰਿਕਾਰਡ ਗਿਣਤੀ ‘ਚ ਅਰਜ਼ੀਆਂ ਆਈਆਂ ਹਨ।
ਜ਼ਿਕਰਯੋਗ ਹੈ ਕਿ ਹਵਾਈ ਫੌਜ ਵਿਚ ਅਗਨੀਵੀਰਾਂ ਦੀ ਭਰਤੀ ਲਈ ਅਰਜ਼ੀ ਦੀ ਪ੍ਰਕਿਰਿਆ 24 ਜੂਨ 2022 ਨੂੰ ਸ਼ੁਰੂ ਹੋਈ ਸੀ। ਇਸ ਤੋਂ ਪਹਿਲਾਂ 14 ਜੂਨ ਨੂੰ ਅਗਨੀਪਥ ਯੋਜਨਾ ਦਾ ਐਲਾਨ ਕੀਤਾ ਗਿਆ ਸੀ।
ਭਰਤੀ ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ agnipathvayu.cdac.in ‘ਤੇ ਜਾ ਕੇ ਬਿਨੈ ਪੱਤਰ ਜਮ੍ਹਾ ਕਰਨਾ ਪੈਂਦਾ ਸੀ, ਜਿਸ ਲਈ ਸਾਇੰਸ ਸਟਰੀਮ ਦੇ 12ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਸਨ।
ਦੱਸ ਦਈਏ ਕਿ ਅਗਨੀਪਥ ਸਕੀਮ ਦੇ ਜ਼ਰੀਏ ਅਗਨੀ ਵੀਰਾਂ ਦੀ ਆਰਮੀ, ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਕੀਤੀ ਜਾ ਰਹੀ ਹੈ, ਜਿਸ ਦੀ ਨਿਯੁਕਤੀ 4 ਸਾਲ ਦੀ ਹੋਵੇਗੀ। 4 ਸਾਲਾਂ ਬਾਅਦ 25 ਫੀਸਦੀ ਅਗਨੀਵੀਰ ਪੱਕੇ ਕੀਤੇ ਜਾਣਗੇ। ਇਸ ਦੇ ਨਾਲ ਹੀ 75 ਫੀਸਦੀ ਅਗਨੀਵੀਰ ਸੇਵਾਮੁਕਤ ਹੋ ਜਾਣਗੇ।
ਹਵਾਈ ਫੌਜ ਵਿੱਚ ਕੁੱਲ 3500 ਅਗਨੀਵੀਰਾਂ ਦੀ ਭਰਤੀ ਕੀਤੀ ਜਾਣੀ ਹੈ। ਇੱਥੇ ਫੌਜ ਅਤੇ ਜਲ ਸੈਨਾ ਵਿੱਚ ਅਗਨੀ ਵੀਰਾਂ ਦੀ ਭਰਤੀ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 1 ਜੁਲਾਈ ਤੋਂ ਸ਼ੁਰੂ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: