ਭਗਵਾਨ ਵਾਲਮੀਕਿ ‘ਤੇ ਵਿਵਾਦਿਤ ਟਿੱਪਣੀ ਕਰਨ ਦੇ ਮਾਮਲੇ ਵਿਚ 65 ਸਾਲਾ ਪੰਜਾਬੀ ਅਭਿਨੇਤਾ ਰਾਣਾ ਜੰਗ ਬਹਾਦਰ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਕ ਟੀਵੀ ਚੈਨਲ ਦੇ ਪ੍ਰੋਗਰਾਮ ‘ਚ ਭਗਵਾਨ ਵਾਲਮੀਕਿ ਨੂੰ ਲੈ ਗਲਤ ਸ਼ਬਦਾਂ ਦਾ ਇਸਤੇਮਾਲ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਕ ਦਿਨ ਪਹਿਲਾਂ ਹੀ ਅਦਾਲਤ ਨੇ ਉਨ੍ਹਾਂ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ ਖਾਰਜ ਕੀਤੀ ਹੈ। ਜਲੰਧਰ ਤੇ ਹੁਸ਼ਿਆਰਪੁਰ ਵਿਚ ਵਾਲਮੀਕਿ ਭਾਈਚਾਰੇ ਦੇ ਲਗਾਤਾਰ ਵਿਰੋਧ ਦੇ ਬਾਅਦ ਉਨ੍ਹਾਂ ‘ਤੇ ਨਵੀਂ ਬਾਰਾਦਰੀ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ।
ਇਸ ਮਾਮਲੇ ਵਿਚ ਕੁਝ ਦਿਨ ਪਹਿਲਾਂ ਹੀ ਵਾਲਮੀਕਿ ਭਾਈਚਾਰੇ ਦੇ ਪ੍ਰਤੀਨਿਧੀਆਂ ਨੇ ਅਕਾਲ ਦਲ ਨੇਤਾ ਚੰਦਨ ਗਰੇਵਾਲ ਦੀ ਅਗਵਾਈ ਵਿਚ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨਾਲ ਮੁਲਾਕਾਤ ਕਰਕੇ ਰਾਣਾ ਜੰਗ ਬਹਾਦਰ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਸੀ। ਵਾਲਮੀਕਿ ਸੰਗਠਨਾਂ ਨੇ ਅਭਿਨੇਤਾ ਦੀ 10 ਜੁਲਾਈ ਤੱਕ ਗ੍ਰਿਫਤਾਰੀ ਨਾ ਹੋਣ ‘ਤੇ 11 ਜੁਲਾਈ ਨੂੰ ਜਲੰਧਰ ਬੰਦ ਕਰਨ ਦੀ ਚੇਤਾਵਨੀ ਦਿੱਤੀ ਸੀ। ਉਸ ਤੋਂ ਪਹਿਲਾਂ ਉਨ੍ਹਾਂ ਨੇ ਬੱਸ ਸਟੈਂਡ ਸਣੇ ਕਈ ਥਾਵਾਂ ‘ਤੇ ਵਿਰੋਧ ਵਜੋਂ ਰਾਣਾ ਦਾ ਪੁਤਲਾ ਵੀ ਫੂਕਿਆ ਸੀ।
ਦੱਸ ਦੇਈਏ ਕਿ ਇਹ ਮਾਮਲੇ ਲਗਭਗ ਇੱਕ ਮਹੀਨੇ ਪੁਰਾਣਾ ਹੈ। ਇਕ ਟੀਵੀ ਚੈਨਲ ਦੇ ਪ੍ਰੋਗਰਾਮ ਵਿਚ ਅਭਿਨੇਤਾ ਰਾਣਾ ਜੰਗ ਬਹਾਦਰ ਨੇ ਭਗਵਾਨ ਵਾਲਮੀਕਿ ਨੂੰ ਲੈ ਕੇ ਟਿੱਪਣੀ ਕੀਤੀ ਸੀ। ਵਾਲਮੀਕਿ ਸੰਗਠਨਾਂ ਨੇ ਉਨ੍ਹਾਂ ‘ਤੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਨ ਦਾ ਦੋਸ਼ ਲਗਾ ਕੇ ਉਨ੍ਹਾਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ। ਵਿਰੋਧ ਪ੍ਰਦਰਸ਼ਨ ਦੇ ਬਾਅਦ ਜਲੰਧਰ ਪੁਲਿਸ ਨੇ ਨਵੀਂ ਬਾਰਾਦਰੀ ਥਾਣੇ ਵਿਚ ਐੱਫਆਈਆਰ ਦਰਜ ਕਰ ਲਈ ਸੀ।
ਵੀਡੀਓ ਲਈ ਕਲਿੱਕ ਕਰੋ -: