ਨਸ਼ਾ ਸਮੱਗਲਰਾਂ ਤੇ ਗੈਂਗਸਟਰਾਂ ਲਈ ਪੰਜਾਬ ਦੀਆਂ ਜੇਲ੍ਹਾਂ ਕਿਸੇ ਸੁਰੱਖਿਅਤ ਥਾਂ ਤੋਂ ਘੱਟ ਨਹੀਂ ਹਨ। ਇਹੀ ਕਾਰਨ ਹੈ ਕਿ ਜੇਲ੍ਹਾਂ ਵਿਚ ਬੈਠ ਕੇ ਵੀ ਅਪਰਾਧੀ ਬਾਹਰ ਆਪਣਾ ਨੈਟਵਰਕ ਚਲਾ ਰਹੇ ਹਨ। ਪੁਲਿਸ ਥਾਣਾ ਰਾਮਾਮੰਡੀ ਦੇ ਸਟਾਫ ਨੇ ਇਕ ਨਸ਼ਾ ਸਮੱਗਲਰ ਫੜਿਆ ਹੈ। ਉਸ ਨੇ ਪੁੱਛਗਿਛ ਵਿਚ ਖੁਲਾਸਾ ਕੀਤਾ ਹੈ ਕਿ ਜੇਲ੍ਹ ਵਿਚ ਬੈਠਾ ਉਸ ਦਾ ਬੌਸ ਬਾਹਰ ਆਪਣਾ ਨਸ਼ੇ ਦਾ ਨੈਟਵਰਕ ਚਲਾ ਰਿਹਾ ਹੈ। ਉਹ ਤਾਂ ਸਿਰਫ ਡਲਿਵਰੀ ਬੁਆਏ ਹੈ।
ਰਾਮਾਮੰਡੀ ਪੁਲਿਸ ਨੇ ਸੰਤੋਸ਼ੀ ਨਗਰ ‘ਚ ਟੀ-ਪੁਆਇੰਟ ‘ਤੇ ਨਾਕਾ ਲਗਾਇਆ ਹੋਇਆ ਸੀ। ਉਥੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਹੋ ਰਹੀ ਸੀ। ਇਸੇ ਦੌਰਾਨ ਨਾਕੇ ਵੱਲ ਇਕ ਐਕਟਿਵਾ ਸਵਾਰ ਆਉਣ ਲੱਗਾ ਪਰ ਜਿਵੇਂ ਹੀ ਉਸ ਨੇ ਨਾਕਾ ਦੇਖਿਆ ਉਹ ਵਾਪਸ ਭੱਜਣ ਲੱਗਾ। ਪੁਲਿਸ ਨੇ ਰੁਕਣ ਲਈ ਕਿਹਾ ਪਰ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕਿਆ।
ਪੁੱਛਗਿਛ ਵਿਚ ਉਸ ਨੇ ਆਪਣਾ ਨਾਂ ਰਾਜਕੁਮਾਰ ਦੱਸਿਆ ਤੇ ਕਿਹਾ ਕਿ ਉਹ ਨੇਪਾਲ ਦਾ ਰਹਿਣ ਵਾਲਾ ਹੈ ਪਰ ਮੌਜੂਦਾ ਸਮੇਂ ਰਾਮਾਮੰਡੀ ਵਿਚ ਰਹਿੰਦਾ ਹੈ। ਪੁਲਿਸ ਨੇ ਸਕੂਟੀ ਦੀ ਤਲਾਸ਼ੀ ਲਈ ਤਾਂ ਸੀਟ ਹੇਠਾਂ ਹੈਰੋਇਨ ਮਿਲੀ, ਜਿਸ ਦਾ ਭਾਰ 100 ਗ੍ਰਾਮ ਸੀ। ਪੁਲਿਸ ਰਾਜਕੁਮਾਰ ਨੂੰ ਥਾਣੇ ਲੈ ਗਈ।
ਥਾਣੇ ਪਹੁੰਚ ਕੇ ਰਾਜਕੁਮਾਰ ਨੇ ਦੱਸਿਆ ਕਿ ਉਹ ਜੇਲ੍ਹ ਵਿਚ ਬੰਦ ਸਨੀ ਨਾਂ ਦੇ ਨਸ਼ਾ ਸਮੱਗਲਰ ਲਈ ਕੰਮ ਕਰਦਾ ਹੈ। ਨਸ਼ਾ ਵੀ ਸਨੀ ਦਾ ਹੈ। ਸਨੀ ਨੇ ਸ਼ਹਿਰ ਵਿਚ ਆਪਣੇ ਨਸ਼ੇ ਦਾ ਪੂਰਾ ਨੈਟਵਰਕ ਵਿਛਾ ਰੱਖਿਆ ਹੈ। ਉਹ ਨਸ਼ਾ ਵੇਚ ਕੇ ਪੈਸੇ ਆਪਣੇ ਕੋਲ ਹੀ ਰੱਖ ਲੈਂਦਾ ਹੈ। ਨਸ਼ਾ ਵੇਚਣ ਦੇ ਬਾਅਦ ਜਿੰਨੇ ਵੀ ਪੈਸੇ ਉਸ ਨੇ ਕਮਾਏ ਹਨ, ਉਸ ਦਾ ਸਾਰਾ ਹਿਸਾਬ ਸਨੀ ਨੂੰ ਜੇਲ੍ਹ ਤੋਂ ਬਾਹਰ ਆਉਣ ਦੇ ਬਾਅਦ ਦੇਣਾ ਹੈ।
ਇਹ ਵੀ ਪੜ੍ਹੋ : ਹੁਣ ਜਲਦ ਬਣੇਗਾ Passport, ਚੰਡੀਗੜ੍ਹ ਦੇ ਰਿਜ਼ਨਲ ਪਾਸਪੋਰਟ ਕੇਂਦਰਾਂ ‘ਚ ਦੁੱਗਣਾ ਹੋਵੇਗਾ ਸਟਾਫ, Online ਪਹੁੰਚੇਗੀ ਫਾਈਲ
ਦੋਸ਼ੀ ਰਾਜਕੁਮਾਰ ਨੇ ਦੱਸਿਆ ਕਿ ਸਨੀ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਨਸ਼ੇ ਦਾ ਧੰਦਾ ਕਰਵਾਉਂਦਾ ਹੈ। ਥਾਣਾ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਨਸ਼ਾ ਸਮੱਗਲਰਾਂ ਦੇ ਹੋਰ ਵੀ ਕਈ ਰਾਜ ਖੁੱਲ੍ਹ ਕੇ ਸਾਹਮਣੇ ਆਉਣਗੇ। ਜੇਲ੍ਹ ਵਿਚ ਬੰਦ ਸਨੀ ਬਾਰੇ ਕਿਹਾ ਕਿ ਸਨੀ ਨੂੰ ਵੀ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: