ਮਦਰਾਸ ਹਾਈਕੋਰਟ ਨੇ ਤਲਾਕ ਮਾਮਲੇ ‘ਚ ਆਪਣਾ ਫੈਸਲਾ ਸੁਣਾਉਂਦੇ ਹੋਏ ਪਤੀ ਜਾਂ ਪਤਨੀ ਨੂੰ ਇਕ-ਦੂਜੇ ਦੇ ਚਰਿੱਤਰ ‘ਤੇ ਸ਼ੱਕ ਕਰਨ ਨੂੰ ਕਰੂਰਤਾ ਕਰਾਰ ਦਿੱਤਾ ਹੈ। ਜਸਟਿਸ ਵੀ.ਐੱਮ. ਵੇਲੁਮਣੀ ਅਤੇ ਜਸਟਿਸ ਐਸ ਸੌਂਥਰ ਦੀ ਬੈਂਚ ਨੇ ਸੀ. ਸ਼ਿਵਕੁਮਾਰ ਦੇ ਤਲਾਕ ਦੀ ਇਜਾਜ਼ਤ ਦੇ ਦਿੱਤੀ। ਬੈਂਚ ਨੇ ਕਿਹਾ ਕਿ ਪਤਨੀ ਸ਼੍ਰੀਵਿਦਿਆ ਨੂੰ ਪਤੀ ਦੇ ਚਰਿੱਤਰ ‘ਤੇ ਸ਼ੱਕ ਸੀ, ਜਿਸ ਕਰਕੇ ਉਹ ਸੀਨ ਕ੍ਰਿਏਟ ਕਰਨ ਲਈ ਉਸ ਦੇ ਦਫਤਰ ਚਲੀ ਗਈ। ਸ਼੍ਰੀਵਿਦਿਆ ਕੋਲ ਕੋਈ ਸਬੂਤ ਨਾ ਹੋਣ ਦੇ ਬਾਵਜੂਦ ਉਸ ਨੇ ਸ਼ਿਵਕੁਮਾਰ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਸੀ। ਇਹ ਸਭ ਮਾਨਸਿਕ ਕਰੂਰਤਾ ਦੀ ਸ਼੍ਰੇਣੀ ਵਿੱਚ ਆਉਂਦਾ ਹੈ।
ਅਦਾਲਤ ਨੇ ਕਿਹਾ ਕਿ ਸ਼੍ਰੀਵਿਦਿਆ ਆਪਣੇ ਪਤੀ ਦੀ ਪੜਤਾਲ ਕਰਨ ਲਈ ਉਸ ਦੇ ਕਾਲਜ ਗਈ ਸੀ, ਜਿੱਥੇ ਉਸ ਨੇ ਸ਼ਿਵਕੁਮਾਰ ‘ਤੇ ਵਿਦਿਆਰਥਣਾਂ ਅਤੇ ਮਹਿਲਾ ਸਟਾਫ ਨਾਲ ਨਾਜਾਇਜ਼ ਸਬੰਧਾਂ ਦਾ ਦੋਸ਼ ਲਾਇਆ। ਬੈਂਚ ਨੇ ਕਿਹਾ ਕਿ ਸ਼੍ਰੀਵਿਦਿਆ ਦਾ ਇਹ ਕੰਮ ਹਿੰਦੂ ਮੈਰਿਜ ਐਕਟ ਦੀ ਧਾਰਾ 13(1)(IA) ਦੇ ਤਹਿਤ ਮਾਨਸਿਕ ਬੇਰਹਿਮੀ ਹੈ। ਅਜਿਹਾ ਕਰਕੇ ਉਸਨੇ ਆਪਣੇ ਪਤੀ ਦਾ ਅਕਸ ਵਿਗਾੜ ਦਿੱਤਾ, ਜਿਸ ਨੂੰ ਸੁਧਾਰਿਆ ਨਹੀਂ ਜਾ ਸਕਦਾ।
ਇਸ ਤੋਂ ਪਹਿਲਾਂ ਫੈਮਿਲੀ ਕੋਰਟ ਨੇ ਸ਼ਿਵਕੁਮਾਰ ਦੀ ਤਲਾਕ ਦੀ ਅਰਜ਼ੀ ਨੂੰ ਬੇਰਹਿਮੀ ਦੇ ਆਧਾਰ ‘ਤੇ ਖਾਰਿਜ ਕਰ ਦਿੱਤਾ ਸੀ, ਜਿਸ ਦੇ ਖਿਲਾਫ ਮਦਰਾਸ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ।
ਸੀ. ਸ਼ਿਵਕੁਮਾਰ ਇੱਕ ਮੈਡੀਕਲ ਕਾਲਜ ਵਿੱਚ ਪ੍ਰੋਫੈਸਰ ਹਨ, ਜਦਕਿ ਪਤਨੀ ਸ਼੍ਰੀਵਿਦਿਆ ਸਰਕਾਰੀ ਸਕੂਲ ਦੀ ਅਧਿਆਪਿਕਾ ਹੈ। ਦੋਵਾਂ ਦਾ ਵਿਆਹ 10 ਨਵੰਬਰ 2008 ਨੂੰ ਹੋਇਆ ਸੀ। ਦੋਵੇਂ ਮੁਸ਼ਕਿਲ ਨਾਲ ਢਾਈ ਸਾਲ ਇਕੱਠੇ ਰਹੇ। ਆਪਣੀ ਸ਼ਿਕਾਇਤ ‘ਚ ਸ਼੍ਰੀਵਿਦਿਆ ਨੇ ਦੋਸ਼ ਲਗਾਇਆ ਸੀ ਕਿ ਸ਼ਿਵਕੁਮਾਰ ਦੇ ਮਹਿਲਾ ਪ੍ਰੋਫੈਸਰਾਂ ਨਾਲ ਨਾਜਾਇਜ਼ ਸਬੰਧ ਸਨ ਅਤੇ ਉਹ ਦੇਰ ਰਾਤ ਤੱਕ ਉਨ੍ਹਾਂ ਨਾਲ ਫੋਨ ‘ਤੇ ਗੱਲ ਕਰਦੇ ਸਨ। ਨਜ਼ਦੀਕੀ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦੇ ਕੇ ਸ਼੍ਰੀਵਿਦਿਆ ਨੇ ਆਪਣੀ ਬੇਟੀ ਦੇ ਭਵਿੱਖ ਲਈ ਇਕੱਠੇ ਰਹਿਣ ਦੀ ਮੰਗ ਕੀਤੀ ਸੀ।
ਅਦਾਲਤ ‘ਚ ਸੁਣਵਾਈ ਦੌਰਾਨ ਸ਼ਿਵਕੁਮਾਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਤਨੀ ਨੇ 2011 ਤੋਂ ਮੰਗਲਸੂਤਰ ਨਹੀਂ ਪਹਿਨਿਆ ਹੈ। ਰਿਸ਼ਤਾ ਤੋੜਦਿਆਂ ਉਸ ਨੇ ਗਲੇ ‘ਚੋਂ ਮੰਗਲਸੂਤਰ ਕੱਢ ਕੇ ਸੁੱਟ ਦਿੱਤਾ। ਇਸ ‘ਤੇ ਸ਼੍ਰੀਵਿਦਿਆ ਨੇ ਕਿਹਾ ਸੀ ਕਿ ਮੰਗਲਸੂਤਰ ਉਤਾਰਨ ਨਾਲ ਰਿਸ਼ਤਾ ਨਹੀਂ ਟੁੱਟਦਾ ਹੈ। ਇਸ ਨੂੰ ਉਤਾਰਨ ਨਾਲ ਵਿਆਹ ‘ਤੇ ਅਸਰ ਨਹੀਂ ਪੈਣਾ ਚਾਹੀਦਾ।
ਇਨ੍ਹਾਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਬੈਂਚ ਨੇ ਕਿਹਾ ਕਿ ਮੰਗਲਸੂਤਰ ਵਰਗੇ ਪਵਿੱਤਰ ਚਿੰਨ੍ਹ ਨੂੰ ਉਤਾਰਨ ਦਾ ਵੱਖਰਾ ਮਤਲਬ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਸ਼੍ਰੀਵਿਦਿਆ ਵਿਆਹ ਨੂੰ ਬਣਾਈ ਨਹੀਂ ਰੱਖਣਾ ਚਾਹੁੰਦੀ ਸੀ, ਇਸ ਲਈ ਦੋਵਾਂ ਦਾ ਤਲਾਕ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: