ਹਾਥਰਸ ‘ਚ ਅਲੀਗੜ੍ਹ-ਆਗਰਾ ਨੈਸ਼ਨਲ ਹਾਈਵੇ ‘ਤੇ ਸਾਦਾਬਾਦ ਇਲਾਕੇ ਦੇ ਅਧੀਨ ਪਿੰਡ ਬਦਰ ਨੇੜੇ ਇਕ ਡੰਪਰ ਨੇ ਕੁਝ ਕਾਂਵੜੀਆਂ ਨੂੰ ਕੁਚਲ ਦਿੱਤਾ। ਇਸ ਭਿਆਨਕ ਹਾਦਸੇ ‘ਚ 5 ਕਾਂਵੜੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਨੇ ਆਗਰਾ ਦੇ ਐੱਸ.ਐੱਨ. ਮੈਡੀਕਲ ਕਾਲਜ ਵਿੱਚ ਦਮ ਤੋੜ ਦਿੱਤਾ। ਹਾਦਸੇ ਵਿੱਚ ਇੱਕ ਕਾਂਵੜੀਆ ਗੰਭੀਰ ਜ਼ਖ਼ਮੀ ਹੋ ਗਿਆ। ਇਹ ਸਾਰੇ ਗੰਗਾਜਲ ਲੈ ਕੇ ਹਰਿਦੁਆਰ ਤੋਂ ਗਵਾਲੀਅਰ ਜਾ ਰਹੇ ਸਨ।
ਘਟਨਾ ਸ਼ੁੱਕਰਵਾਰ ਅੱਧੀ ਰਾਤ ਦੀ ਹੈ। ਹਾਦਸੇ ਤੋਂ ਬਾਅਦ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀ) ਆਗਰਾ ਜ਼ੋਨ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਅਲੀਗੜ੍ਹ ਅਤੇ ਹੋਰ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਸਵੇਰੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਇਨ੍ਹਾਂ ਨੂੰ ਇੱਥੋਂ ਭਿਜਵਾ ਦਿੱਤਾ ਗਿਆ।
ਪੁਲਿਸ ਨੇ ਡਰਾਈਵਰ ਨੂੰ ਡੰਪਰ ਸਣੇ ਗ੍ਰਿਫ਼ਤਾਰ ਕਰ ਲਿਆ ਹੈ। ਸਰਕਾਰ ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਗਵਾਲੀਅਰ (ਮੱਧ ਪ੍ਰਦੇਸ਼) ਤੋਂ ਕਾਂਵੜੀਆਂ ਦਾ ਇੱਕ ਸਮੂਹ ਗੰਗਾਜਲ ਲੈਣ ਕਰਨ ਲਈ ਹਰਿਦੁਆਰ ਗਿਆ ਸੀ। ਇਹ ਕਾਂਵੜੀਏ ਸ਼ੁੱਕਰਵਾਰ ਨੂੰ ਵਾਪਸ ਆ ਰਹੇ ਸਨ। ਆਗਰਾ-ਅਲੀਗੜ੍ਹ ਨੈਸ਼ਨਲ ਹਾਈਵੇਅ ‘ਤੇ ਸਾਦਾਬਾਦ ਕੋਤਵਾਲੀ ਖੇਤਰ ਦੇ ਪਿੰਡ ਬਦਰ ਨੇੜੇ ਰਾਤੀਂ ਪੌਣੇ ਦੋ ਵਜੇ ਦੇ ਕਰੀਬ ਪਿੱਛੋਂ ਆ ਰਹੇ ਇੱਕ ਡੰਪਰ ਨੇ ਇਨ੍ਹਾਂ ਕਾਂਵੜੀਆਂ ਨੂੰ ਕੁਚਲ ਦਿੱਤਾ। ਡੰਪਰ ਦੀ ਲਪੇਟ ‘ਚ ਸੱਤ ਕਾਂਵੜੀਏ ਆਏ।
ਇਹ ਵੀ ਪੜ੍ਹੋ : ਐਕਸ਼ਨ ਮੋਡ ‘ਚ ਪੰਜਾਬ ਪੁਲਿਸ, ਪੂਰੇ ਸੂਬੇ ‘ਚ ਕੀਤੀ ਵਾਹਨਾਂ ਦੀ ਅਚਨਚੇਤ ਚੈਕਿੰਗ, ਖੁਦ DGP ਵੀ ਪਹੁੰਚੇ
ਹਾਦਸੇ ਵਿੱਚ 25 ਸਾਲਾ ਰਣਵੀਰ ਪੁੱਤਰ ਅਮਰ ਸਿੰਘ, 20 ਸਾਲਾ ਜਾਬਰ ਸਿੰਘ ਪੁੱਤਰ ਸੁਲਤਾਨ ਸਿੰਘ, 40 ਸਾਲਾ ਨਰੇਸ਼ ਪਾਲ ਪੁੱਤਰ ਰਾਮਨਾਥ, 30 ਸਾਲਾ ਮਨੋਜ ਕੁਮਾਰ ਪੁੱਤਰ ਮੋਹਨ ਅਤੇ 40 ਸਾਲਾ ਰਮੇਸ਼ਪਾਲ ਪੁੱਤਰ ਨੱਥੂਰਾਮ ਵਾਸੀ ਭੰਗੀ ਖੁਰਦ ਥਾਣਾ ਉਟੀਲਾ ਜ਼ਿਲ੍ਹਾ ਗਵਾਲੀਅਰ ਮੱਧ ਪ੍ਰਦੇਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਦੋ ਕੰਵਰੀਆਂ ਵਿਕਾਸ ਅਤੇ ਅਭਿਸ਼ੇਕ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਪਹਿਲਾਂ ਸੀਐਚਸੀ ਸਾਦਾਬਾਦ ਲਿਆਂਦਾ ਗਿਆ ਅਤੇ ਇੱਥੋਂ ਉਨ੍ਹਾਂ ਨੂੰ ਆਗਰਾ ਭੇਜ ਦਿੱਤਾ ਗਿਆ। ਇਲਾਜ ਦੌਰਾਨ 26 ਸਾਲਾ ਵਿਕਾਸ ਪੁੱਤਰ ਪ੍ਰਭੂਦਿਆਲ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਪੁਲਿਸ ਨੇ ਇਸ ਮਗਰੋਂ ਡੰਪਰ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਕੁਝ ਸਮੇਂ ਵਿੱਚ ਪੁਲਿਸ ਨੇ ਡੰਪਰ ਨੂੰ ਡਰਾਈਵਰ ਸਣੇ ਕਾਬੂ ਕਰ ਲਿਆ। ਇਹ ਡੰਪਰ ਵੀ ਗਵਾਲੀਅਰ ਦਾ ਦੱਸਿਆ ਜਾ ਰਿਹਾ ਹੈ। ਇਸ ਦਾ ਡਰਾਈਵਰ ਸਿਕੰਦਰਰਾਊ ਵਿਖੇ ਬੈਲੇਸਟ ਨੂੰ ਉਤਾਰ ਕੇ ਵਾਪਸ ਆ ਰਿਹਾ ਸੀ।