ਸਕੀਨਾ ਬੀਬੀ ਦੀ ਸ੍ਰੀ ਨਨਕਾਣਾ ਸਾਹਿਬ ਸਣੇ ਸਭ ਪਾਸੇ ਕੀਤੀਆਂ ਅਰਦਾਸਾਂ ਸਫ਼ਲ ਹੋ ਗਈਆਂ ਜਦੋਂ ਦੇਸ਼ ਦੀ ਵਰੰਡ ਵੇਲੇ ਵਿਛੜਿਆ ਭਰਾ 75 ਸਾਲਾਂ ਬਾਅਦ ਉਸ ਨੂੰ ਲੱਭ ਗਿਆ। ਇਸ ਵਿੱਚ ਅਹਿਮ ਭੂਮਿਕਾ ਨਿਭਾਈ ਪੰਜਾਬੀ ਲਹਿਰ ਵਾਲੇ ਨਾਸਿਰ ਢਿੱਲੋਂ ਤੇ ਉਨ੍ਹਾਂ ਦੀ ਟੀਮ ਨੇ।
ਪਾਕਿਸਤਾਨ ਪੰਜਾਬ ਤੋਂ 67 ਸਾਲਾ ਭੈਣ ‘ਸਕੀਨਾ ਬੀਬੀ’ ਨੂੰ ਆਪਣਾ ਵਿਛੜਿਆ ਭਰਾ ‘ਗੁਰਮੇਲ ਸਿੰਘ ਗਰੇਵਾਲ’ ਸਾਢੇ ਸੱਤ ਦਹਾਕਿਆਂ ਬਾਅਦ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜੱਸੋਵਾਲ ਪਿੰਡ ਵਿੱਚ ਲੱਭਿਆ। 1947 ਵਿੱਚ ਗੁਰਮੇਲ ਸਿੰਘ ਅਤੇ ਉਸ ਦੀ ਮਾਂ ਉਨ੍ਹਾਂ ਦੇ ਅਸਲ ਪਿੰਡ ਭਾਰਤ ਵਾਲੇ ਪਾਸੇ ਹੀ ਛੁੱਟ ਗਏ ਸਨ। ਉਨ੍ਹਾਂ ਦੇ ਪਿਤਾ ਵਲੀ ਮੁਹੰਮਦ ਨੇ ਜਦੋਂ ਸਰਕਾਰੀ ਅਧਿਕਾਰੀਆਂ ਨੂੰ ਪਿੱਛੇ ਰਹੀ ਆਪਣੀ ਘਰਵਾਲੀ ਅਤੇ ਮੁੰਡੇ ਬਾਰੇ ਲਿਖਿਆ ਤਾਂ ਅਧਿਕਾਰੀ ਮਾਂ ਨੂੰ ਪਾਕਿਸਤਾਨ ਲੈ ਗਏ ਪਰ 5 ਸਾਲਾਂ ਗੁਰਮੇਲ ਕਿਤੇ ਖੇਡਣ ਵਿੱਚ ਰੁੱਝਿਆ ਹੋਣ ਕਰਕੇ ਪਿੱਛੇ ਹੀ ਛੁੱਟ ਗਿਆ, ਕਿਉਂਕਿ ਅਧਿਕਾਰੀਆਂ ਨੂੰ ਉਡੀਕ ਕਰਨ ਦੇ ਆਦੇਸ਼ ਨਹੀਂ ਸਨ। ਸਕੀਨਾ ਬੀਬੀ ਮੁਤਾਬਕ ਉਸ ਦੀ ਛੋਟੀ ਉਮਰੇ ਹੀ ਮਾਂ ਪੁੱਤਰ ਦੇ ਵਿਛੋੜੇ ਦਾ ਵਿਜੋਗ ਨਾ ਸਹਾਰਦੀ ਹੋਈ ਰੱਬ ਨੂੰ ਪਿਆਰੀ ਹੋ ਗਈ ਅਤੇ ਕੁਝ ਸਮੇਂ ਬਾਅਦ ਪਿਤਾ ਦੀ ਵੀ ਮੌਤ ਹੋ ਗਈ।
1961 ਵਿੱਚ ਗੁਰਮੇਲ ਜਦੋਂ ਭਾਰਤ ਵਾਲੇ ਪਾਸੇ ਅੱਠਵੀਂ ਜਮਾਤ ਵਿੱਚ ਪੜ੍ਹ ਰਿਹਾ ਸੀ ਤਾਂ ਉਸ ਨੇ ਆਪਣੇ ਮਾਪਿਆਂ ਨੂੰ ਇੱਕ ਚਿੱਠੀ ਲਿਖੀ ਅਤੇ ਆਪਣੀ ਫ਼ੋਟੋ ਵੀ ਭੇਜੀ ਜੋ ਇਸ ਵੇਲੇ ਉਸ ਦੀ ਭੈਣ ਸਕੀਨਾ ਕੋਲ ਹਨ। ਸਕੀਨਾ ਨੂੰ ਉਸਦੇ ਭਰਾ ਬਾਰੇ ਉਸ ਦੇ ਮਾਪਿਆਂ ਨੇ ਨਹੀਂ ਦੱਸਿਆ ਅਤੇ ਉਸ ਨੂੰ ਗੁਰਮੇਲ ਵੱਲੋਂ ਭੇਜੀ ਚਿੱਠੀ ਤੇ ਫ਼ੋਟੋ ਤੋਂ ਉਸ ਬਾਰੇ ਪਤਾ ਲੱਗਾ। ਇਹ ਚਿੱਠੀ ਸਕੀਨਾ ਦੇ ਹੱਥ ਘਰੇ ਸਮਾਨ ਦੇਖਦਿਆਂ ਲੱਗੀ। ਪਰਿਵਾਰ ਚਿੱਠੀ ਜਿੱਥੋਂ ਆਈ ਉਹ ਪਤਾ ਲੱਭ ਨਾ ਸਕਿਆ। ਗੁਰਮੇਲ ਨੇ ਆਪਣੀ ਚਿੱਠੀ ਵਿੱਚ ਲਿਖਿਆ ਕਿ (ਭਾਰਤ ਵਾਲੇ ਪਾਸੇ) “ਜਿਨ੍ਹਾਂ (ਸਿੱਖ) ਲੋਕਾਂ ਨੇ ਉਸ ਨੂੰ ਰੱਖਿਆ ਹੈ ਉਹ ਆਪਣੇ ਬੱਚਿਆਂ ਵਾਂਗ ਹੀ ਉਸ ਦੀ ਦੇਖਭਾਲ ਕਰਦਿਆਂ ਪਾਲ ਰਹੇ ਹਨ।”
ਸਕੀਨਾ ਦੱਸਦੀ ਹੈ ਕਿ ਉਸਦੇ ਮਾਪਿਆਂ ਦੇ ਗੁਜਰ ਜਾਣ ਤੋਂ ਬਾਅਦ ਉਸ ਨੇ ਅਤੇ ਉਸ ਦੇ ਜਵਾਈ ਨੇ ਗੁਰਮੇਲ ਨੂੰ ਲੱਭਣਾ ਜਾਰੀ ਰੱਖਿਆ ਅਤੇ ਉਸ ਨੇ ਸ੍ਰੀ ਨਨਕਾਣਾ ਸਾਹਿਬ ਸਣੇ ਸਭ ਪਾਸੇ ਦੋਵਾਂ ਦੇ ਦੁਬਾਰਾ ਮੇਲ ਲਈ ਅਰਦਾਸਾਂ ਕੀਤੀਆਂ। ਸਕੀਨਾ ਨੇ ਪੰਜਾਬੀ ਲਹਿਰ ਚੈਨਲ ਨੂੰ ਦੱਸਿਆ ਕਿ ਉਸਦੇ ਮਾਪਿਆਂ ਨੇ ਭਰਾ ਗੁਰਮੇਲ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੂੰ ਸਫ਼ਲਤਾ ਨਾ ਮਿਲੀ।
ਇਹ ਵੀ ਪੜ੍ਹੋ : VC ਨੂੰ ਫਟੇ ਗੱਦੇ ‘ਤੇ ਲਿਟਾਉਣ ਦਾ ਮਾਮਲਾ, ਅਸਤੀਫ਼ੇ ਮਗਰੋਂ ਮੋਹਾਲੀ ਸੈਂਟਰ ‘ਚ ਕੰਮ ‘ਤੇ ਪਰਤੇ ਡਾ. ਰਾਜ ਬਹਾਦੁਰ
ਗੁਰਮੇਲ ਵੰਡ ਤੋਂ ਪਹਿਲਾਂ ਲੁਧਿਆਣਾ ਦੇ ਨੂਰਪੁਰ ਪਿੰਡ ਵਿਖੇ ਜਨਮਿਆ, ਜਦੋਂਕਿ ਉਸ ਦੀ ਭੈਣ ਸਕੀਨਾ ਬੀਬੀ ਸ਼ੇਖੂਪੁਰਾ ਦੇ ਗੁਰਦਾਸ ਪਿੰਡ ਵਿਖੇ ਜਨਮੀ। ਹਾਲ ਹੀ ਵਿੱਚ ਪੰਜਾਬੀ ਲਹਿਰ ਵੱਲੋਂ ਜਦੋਂ ਸਕੀਨਾ ਬੀਬੀ ਦਾ ਇੱਕ ਇੰਟਰਵੀਊ ਆਪਣੇ ਚੈਨਲ ਉੱਤੇ ਚਲਾਇਆ ਗਿਆ ਤਾਂ ਲੁਧਿਆਣਾ ਦੇ ਜੱਸੋਵਾਲ ਪਿੰਡ ਦੇ ਸਰਪੰਚ ਨੇ ਉਨ੍ਹਾਂ ਨਾਲ ਸੰਪਰਕ ਕੀਤਾ। ਸਰਪੰਚ ਨੇ ਸਕੀਨਾ ਦੇ ਇੰਟਰਵੀਊ ਦਾ ਵੀਡੀਓ ਜਦੋਂ ਗੁਰਮੇਲ ਨੂੰ ਦਿਖਾਇਆ ਤਾਂ ਉਸ ਨੇ ਕਿਹਾ “ਮੈਂ ਤੇਰਾ ਵੀਰਾ ਹਾਂ”! ਸਰਪੰਚ ਅਨੁਸਾਰ ਗੁਰਮੇਲ ਨੂੰ ਇੱਕ ਸਿੱਖ ਪਰਿਵਾਰ ਨੇ ਸੰਭਾਲਿਆ ਅਤੇ ਪਾਲਿਆ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਗੁਰਮੇਲ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਆਪਣੇ ਪਰਿਵਾਰ ਨੂੰ ਯਾਦ ਕਰਦਾ ਸੀ ਪਰ ਲੱਭ ਨਾ ਸਕਿਆ। ਗੁਰਮੇਲ ਨੇ ਕਿਹਾ ਕਿ ਉਹ ਪਾਸਪੋਰਟ ਬਣਵਾ ਕੇ ਆਪਣੀ ਭੈਣ ਲਈ ਉਨ੍ਹਾਂ ਦੇ ਪਿੰਡ ਵਿੱਚ ਬਣਦੇ ਬਿਸਕੁਟਾਂ ਦਾ ਸੰਧਾਰਾ ਲੈ ਕੇ ਜਾਵੇਗਾ।