ਵੀਰਵਾਰ ਨੂੰ ਹਰਿਆਣਾ ਦੇ ਕੁਰੂਕਸ਼ੇਤਰ ‘ਚ ਅੰਬਾਲਾ-ਨਵੀਂ ਦਿੱਲੀ ਨੈਸ਼ਨਲ ਹਾਈਵੇਅ ‘ਤੇ ਮਿਰਚੀ ਹੋਟਲ ਨੇੜੇ ਵਿਸਫੋਟਕ ਆਰਡੀਐਕਸ ਮਿਲਣ ਨਾਲ ਸਨਸਨੀ ਫੈਲ ਗਈ। ਇਸ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਆਲੇ-ਦੁਆਲੇ ਦੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਵਿਸਫੋਟਕਾਂ ਦੀ ਜਾਂਚ ਲਈ ਟੀਮਾਂ ਨੂੰ ਮੌਕੇ ‘ਤੇ ਬੁਲਾਇਆ ਗਿਆ ਸੀ। ਜਿਸ ਤੋਂ ਬਾਅਦ ਅੰਬਾਲਾ ਤੋਂ ਆਈ ਟੀਮ ਨੇ ਆਰ.ਡੀ.ਐਕਸ. ਨੂੰ ਡਿਫਿਊਜ਼ ਕਰ ਦਿੱਤਾ।
ਪੁਲਿਸ ਨੇ ਇਸ ਮਾਮਲੇ ਵਿੱਚ ਤਰਨਤਾਰਨ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਤੋਂ ਹਰਿਆਣਾ ਐਸਟੀਐਫ ਪੁੱਛਗਿੱਛ ਕਰ ਰਹੀ ਹੈ। ਪੁਲਿਸ ਮੁਲਜ਼ਮਾਂ ਦੀ ਪਛਾਣ ਕਰਨ ਲਈ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਪੂਰੇ ਮਾਮਲੇ ਨੂੰ ਆਜ਼ਾਦੀ ਦਿਹਾੜੇ ਅਤੇ ਅੱਤਵਾਦੀ ਕਨੈਕਸ਼ਨ ਨਾਲ ਜੋੜਿਆ ਜਾ ਰਿਹਾ ਹੈ।
ਵਿਸਫੋਟਕਾਂ ਦੀ ਬਰਾਮਦਗੀ ਦੀ ਸੂਚਨਾ ਮਿਲਣ ਨਾਲ ਹਰਿਆਣਾ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵਿੱਚ ਭਾਜੜਾਂ ਪੈ ਗਈਆਂ। ਕੁਰੂਕਸ਼ੇਤਰ ਦੇ ਸ਼ਾਹਾਬਾਦ ‘ਚ ਕਈ ਥਾਣਿਆਂ ਨੂੰ ਬੁਲਾ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅੰਬਾਲਾ ਤੋਂ ਬੰਬ ਡਿਸਪੋਜ਼ਲ ਸਕੁਐਡ ਬੁਲਾ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਾਫੀ ਦੇਰ ਤੱਕ ਇਲਾਕੇ ਦੀ ਆਵਾਜਾਈ ਵੀ ਰੋਕੀ ਰੱਖੀ। ਪੁਲਿਸ ਦਾ ਕਹਿਣਾ ਹੈ ਕਿ ਕਰੀਬ ਡੇਢ ਕਿਲੋ ਆਰਡੀਐਕਸ ਮਿਲਿਆ ਹੈ। ਡੌਗ ਸਕੁਐਡ ਰਾਹੀਂ ਆਸ-ਪਾਸ ਦੇ ਇਲਾਕਿਆਂ ‘ਚ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਸੂਤਰਾਂ ਮੁਤਾਬਕ ਇਹ ਆਰਡੀਐਕਸ ਇੱਕ ਸ਼ੱਕੀ ਨੌਜਵਾਨ ਦੀ ਨਿਸ਼ਾਨਦੇਹੀ ‘ਤੇ ਬਰਾਮਦ ਕੀਤਾ ਗਿਆ ਸੀ। ਮੁਲਜ਼ਮ ਦਾ ਨਾਂ ਸ਼ਮਸ਼ੇਰ ਸਿੰਘ ਹੈ, ਜੋ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਹੈ। ਹਰਿਆਣਾ ਐਸਟੀਐਫ ਅਤੇ ਹੋਰ ਜਾਂਚ ਏਜੰਸੀਆਂ ਦੇ ਅਧਿਕਾਰੀ ਸ਼ਾਹਬਾਦ ਥਾਣੇ ਵਿੱਚ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਕਰ ਰਹੇ ਹਨ।
ਇਹ ਵੀ ਪੜ੍ਹੋ : ਕਪਿਲ ਸ਼ਰਮਾ ਦੀ ‘ਭੂਆ’ ਨੇ ਮਿਸ ਯੂਨੀਵਰਸ ਹਰਨਾਜ਼ ਸੰਧੂ ਖ਼ਿਲਾਫ਼ ਕੀਤਾ ਕੇਸ, ਵਾਅਦੇ ਤੋਂ ਮੁਕਰਨ ਦੋਸ਼
ਕੁਰੂਕਸ਼ੇਤਰ ਪੁਲਿਸ ਦੇ ਏਐਸਪੀ ਕਰਨ ਗੋਇਲ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਦੇ ਮੌਕੇ ‘ਤੇ ਬਰਾਮਦ ਵਿਸਫੋਟਕਾਂ ਦੇ ਨਾਲ ਡੈਟੋਨੇਟਰ ਟਾਈਮਰ ਵੀ ਲੱਗਿਆ ਹੋਇਆ ਸੀ। ਅੰਬਾਲਾ ਤੋਂ ਬੰਬ ਨਿਰੋਧਕ ਦਸਤੇ ਨੇ ਉਸ ਨੂੰ ਨਕਾਰਾ ਕਰ ਦਿੱਤਾ। ਵਿਸਫੋਟਕਾਂ ਵਾਲੀ ਥਾਂ ‘ਤੇ ਪੋਲੀਥੀਨ ਨਾਲ ਬੰਨ੍ਹੀਆਂ ਕੁਝ ਹੋਰ ਵਸਤੂਆਂ ਵੀ ਮਿਲੀਆਂ ਹਨ। ਐਸਟੀਐਫ ਦੀਆਂ ਟੀਮਾਂ ਨੌਜਵਾਨ ਤੋਂ ਪੁੱਛਗਿੱਛ ਕਰ ਰਹੀਆਂ ਹਨ। ਇਸ ਮਾਮਲੇ ‘ਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਇਸ ਤੋਂ ਪਹਿਲਾਂ ਕਰਨਾਲ ‘ਚ ਬੱਬਰ ਖਾਲਸਾ ਦੇ 4 ਸ਼ੱਕੀ ਅੱਤਵਾਦੀਆਂ ਕੋਲੋਂ ਆਰਡੀਐਕਸ ਬਰਾਮਦ ਹੋਇਆ ਸੀ। ਮਈ 2022 ਵਿੱਚ ਪੁਲਿਸ ਨੇ ਬਸਤਾਰਾ ਟੋਲ ਪਲਾਜ਼ਾ ਤੋਂ ਇੱਕ ਇਨੋਵਾ ਗੱਡੀ ਤੋਂ ਇਹ ਬਰਾਮਦਗੀ ਕੀਤੀ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਬੱਬਰ ਖਾਲਸਾ ਦੇ ਅੱਤਵਾਦੀ ਇਸ ਆਰਡੀਐਕਸ ਨੂੰ ਪੰਜਾਬ ਤੋਂ ਤੇਲੰਗਾਨਾ ਪਹੁੰਚਾਉਣ ਜਾ ਰਹੇ ਸਨ। ਪਾਕਿਸਤਾਨ ‘ਚ ਬੈਠੇ ਪੰਜਾਬ ਦੇ ਬਦਨਾਮ ਗੈਂਗਸਟਰ ਅੱਤਵਾਦੀ ਹਰਵਿੰਦਰ ਰਿੰਦਾ ਨੇ ਇਹ ਵਿਸਫੋਟਕ ਅਤੇ ਹਥਿਆਰ ਸਰਹੱਦ ਪਾਰ ਤੋਂ ਡਰੋਨ ਰਾਹੀਂ ਭਾਰਤ ਲਿਆਂਦਾ ਸੀ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰ ਨੌਜਵਾਨਾਂ ਗੁਰਪ੍ਰੀਤ ਸਿੰਘ, ਅਮਨਦੀਪ, ਭੁਪਿੰਦਰ ਅਤੇ ਪਰਮਿੰਦਰ ਪੰਜਾਬ ਦੇ ਫਿਰੋਜ਼ਪੁਰ ਅਤੇ ਲੁਧਿਆਣਾ ਦੇ ਰਹਿਣ ਵਾਲੇ ਸਨ।
ਵੀਡੀਓ ਲਈ ਕਲਿੱਕ ਕਰੋ -: