ਦੇਸ਼ ਨੂੰ ਅੱਜ ਨਵਾਂ ਉਪ ਰਾਸ਼ਟਰਪਤੀ ਮਿਲ ਗਿਆ ਹੈ। ਐਨਡੀਏ ਉਮੀਦਵਾਰ ਜਗਦੀਪ ਧਨਖੜ ਨੇ ਵੱਡੇ ਫਰਕ ਨਾਲ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ ਮਾਰਗਰੇਟ ਅਲਵਾ ਨੂੰ ਹਰਾਇਆ। ਧਨਖੜ ਨੂੰ 528 ਵੋਟਾਂ ਮਿਲੀਆਂ ਜਦਕਿ ਅਲਵਾ ਨੂੰ 182 ਵੋਟਾਂ ਮਿਲੀਆਂ। ਇਸ ਦੇ ਨਾਲ ਹੀ 15 ਵੋਟਾਂ ਰੱਦ ਕਰ ਦਿੱਤੀਆਂ ਗਈਆਂ।
ਜਗਦੀਪ ਧਨਖੜ ਮੌਜੂਦਾ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 10 ਅਗਸਤ ਨੂੰ ਖਤਮ ਹੋ ਰਿਹਾ ਹੈ ਅਤੇ ਨਵੇਂ ਉਪ ਰਾਸ਼ਟਰਪਤੀ 11 ਅਗਸਤ ਨੂੰ ਸਹੁੰ ਚੁੱਕਣਗੇ। ਤੁਹਾਨੂੰ ਦੱਸ ਦੇਈਏ ਕਿ ਉਪ ਰਾਸ਼ਟਰਪਤੀ ਚੋਣ ਵਿੱਚ 780 ਵਿੱਚੋਂ 725 ਸੰਸਦ ਮੈਂਬਰਾਂ ਨੇ ਵੋਟ ਪਾਈ।
ਦਰਅਸਲ, ਸੰਸਦ ਦੇ ਦੋਵਾਂ ਸਦਨਾਂ ਦੇ ਇਕੱਠੇ ਮੈਂਬਰਾਂ ਦੀ ਕੁੱਲ ਗਿਣਤੀ 788 ਹੈ, ਜਿਨ੍ਹਾਂ ਵਿੱਚੋਂ ਉੱਚ ਸਦਨ ਦੀਆਂ ਅੱਠ ਸੀਟਾਂ ਇਸ ਵੇਲੇ ਖਾਲੀ ਹਨ। ਅਜਿਹੀ ਸਥਿਤੀ ਵਿੱਚ ਉਪ ਰਾਸ਼ਟਰਪਤੀ ਚੋਣ ਵਿੱਚ 780 ਸੰਸਦ ਮੈਂਬਰ ਵੋਟ ਪਾਉਣ ਦੇ ਯੋਗ ਸਨ। ਇਸ ਦੇ ਨਾਲ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤ੍ਰਿਣਮੂਲ ਕਾਂਗਰਸ ਦੇ 36 ਸੰਸਦ ਮੈਂਬਰਾਂ ‘ਚੋਂ ਸਿਰਫ 2 ਸੰਸਦ ਮੈਂਬਰਾਂ ਨੇ ਹੀ ਵੋਟ ਪਾਈ, ਜਦਕਿ 34 ਸੰਸਦ ਮੈਂਬਰਾਂ ਨੇ ਆਪਣੀ ਵੋਟ ਨਹੀਂ ਪਾਈ। ਦਰਅਸਲ, ਤ੍ਰਿਣਮੂਲ ਕਾਂਗਰਸ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਵੋਟਿੰਗ ਤੋਂ ਦੂਰ ਰਹੇਗੀ। ਦੋਵਾਂ ਸਦਨਾਂ ਵਿੱਚ ਇਸ ਦੇ ਕੁੱਲ 39 ਸੰਸਦ ਮੈਂਬਰ ਹਨ।
ਇਹ ਵੀ ਪੜ੍ਹੋ : NIS ਪਟਿਆਲਾ ‘ਚ ਜਿੱਤ ਦਾ ਜਸ਼ਨ, CWG ਤਮਗਾ ਜੇਤੂ ਖਿਡਾਰੀਆਂ ਦਾ ਢੋਲ ਨਾਲ ਜ਼ੋਰਦਾਰ ਸਵਾਗਤ, ਚੱਲੇ ਪਟਾਕੇ
ਉਪ ਰਾਸ਼ਟਰਪਤੀ ਚੋਣ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਕਰੀਬ 93 ਫੀਸਦੀ ਸੰਸਦ ਮੈਂਬਰਾਂ ਨੇ ਵੋਟ ਪਾਈ, ਜਦਕਿ 50 ਤੋਂ ਵੱਧ ਸੰਸਦ ਮੈਂਬਰਾਂ ਨੇ ਆਪਣੇ ਵੋਟ ਦਾ ਇਸਤੇਮਾਲ ਨਹੀਂ ਕੀਤਾ।
ਦੱਸ ਦੇਈਏ ਕਿ ਧਨਖੜ (71) ਇੱਕ ਮਸ਼ਹੂਰ ਵਕੀਲ ਰਹੇ ਹਨ। ਉਹ ਰਾਜਸਥਾਨ ਹਾਈ ਕੋਰਟ ਅਤੇ ਦੇਸ਼ ਦੀ ਸੁਪਰੀਮ ਕੋਰਟ ਦੋਵਾਂ ਵਿੱਚ ਪ੍ਰੈਕਟਿਸ ਕਰ ਚੁੱਕੇ ਹਨ। ਧਨਖੜ ਨੇ ਰਾਜਸਥਾਨ ਵਿੱਚ ਜਾਟ ਭਾਈਚਾਰੇ ਨੂੰ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਦਾ ਦਰਜਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਪ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਦੇ ਨਾਂ ਦਾ ਐਲਾਨ ਕਰਦੇ ਹੋਏ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਸੀ ਕਿ ਧਨਖੜ ਲਗਭਗ ਤਿੰਨ ਦਹਾਕਿਆਂ ਤੋਂ ਜਨਤਕ ਜੀਵਨ ਵਿੱਚ ਹਨ।
ਵੀਡੀਓ ਲਈ ਕਲਿੱਕ ਕਰੋ -: