ਕਪੂਰਥਲਾ/ਫਗਵਾੜਾ : ਫਗਵਾੜਾ ਵਿਖੇ ਮੈਸ ਗੋਲਡਨ ਸੰਧਰ ਸ਼ੂਗਰ ਮਿੱਲ ਲਿਮਿਟਡ ਵਲੋਂ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਅਦਾਇਗੀ ਨਾ ਕਰਨ ’ਤੇ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਵਿਸ਼ੇਸ਼ ਸਾਰੰਗਲ ਵਲੋਂ ਸਖਤ ਕਦਮ ਚੁੱਕਦਿਆਂ ਮਿੱਲ ਦੇ ਨਾਮ ’ਤੇ ਪੰਜਾਬ ਭਰ ਵਿਚ ਹਰ ਜਾਇਦਾਦ ਨੂੰ ਅਟੈਚ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਇਸ ਸਬੰਧੀ ਉਨ੍ਹਾਂ ਸੂਬੇ ਦੇ 22 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਜ਼ ਕਮ ਜਿਲ੍ਹਾ ਕੁਲੈਕਟਰਾਂ ਨੂੰ ਮਿਤੀ 8 ਅਗਸਤ 2022 ਨੂੰ ਪੱਤਰ ਲਿਖਕੇ ਕਿਹਾ ਹੈ ਕਿ ਉਹ ਮੈਸ ਗੋਲਡਨ ਸੰਧਰ ਸ਼ੂਗਰ ਮਿੱਲ ਲਿਮਿਟਡ ਫਗਵਾੜਾ ਜਾਂ ਵਾਹਦ ਸੰਧਰ ਸ਼ੂਗਰ ਮਿੱਲ ਫਗਵਾੜਾ (ਕਪੂਰਥਲਾ) ਦੇ ਨਾਮ ’ਤੇ ਮਾਲ ਰਿਕਾਰਡ ਵਿਚ ਕਿਸੇ ਪ੍ਰਕਾਰ ਦੀ ਕੋਈ ਮਾਲਕੀ ਜ਼ਮੀਨ, ਜਾਇਦਾਦ ਪਾਈ ਜਾਂਦੀ ਹੈ ਤਾਂ ਉਸਨੂੰ ਨਿਯਮਾਂ ਅਨੁਸਾਰ ਅਟੈਚ ਕਰਨ ਉਪਰੰਤ ਸੂਚਨਾ ਦਿੱਤੀ ਜਾਵੇ ਤਾਂ ਜੋ ਰਿਕਵਰੀ ਸਬੰਧੀ ਅਗਲੀ ਕਾਰਵਾਈ ਕਰਕੇ ਕਿਸਾਨਾਂ ਨੂੰ ਬਣਦੀ ਅਦਾਇਗੀ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਮੰਤਰੀ ਬੈਂਸ ਨੇ ਮਾਰਿਆ ਸਕੂਲ ‘ਚ ਛਾਪਾ, ਬਿਨਾਂ ਫਰਨੀਚਰ ਤੋਂ ਬੈਠੇ ਮਿਲੇ ਵਿਦਿਆਰਥੀ, ਬੋਲੇ-‘ਕਰਾਂਗੇ ਸੁਧਾਰ’
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਿਖਤੀ ਤੌਰ ’ਤੇ ਵਧੀਕ ਮੁੱਖ ਸਕੱਤਰ ਖੇਤੀਬਾੜੀ, ਪੰਜਾਬ, ਕਮਿਸ਼ਨਰ ਜਲੰਧਰ ਮੰਡਲ ਤੇ ਕੇਨ ਕਮਿਸ਼ਨਰ, ਮੋਹਾਲੀ ਨੂੰ ਵੀ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਸਮੂਹ ਡਿਪਟੀ ਕਮਿਸ਼ਨਰ ਨੂੰ ਲਿੱਖਿਆ ਹੈ ਕਿ ਮਿੱਲ ਵਲੋਂ ਗੰਨਾ ਉਤਪਾਦਕਾਂ ਨੂੰ ਸਾਲ 2021-22 ਤੱਕ 122.39 ਕਰੋੜ ਰੁਪੈ ਦੀ ਅਦਾਇਗੀ ਕੀਤੀ ਜਾਣੀ ਸੀ, ਜਿਸ ਵਿਚੋਂ 23-05-2022 ਤੱਕ 86.64 ਕਰੋੜ ਰੁਪੈ ਦੀ ਅਦਾਇਗੀ ਕੀਤੀ ਗਈ ਜਦਕਿ 35.75 ਕਰੋੜ ਰੁਪੈ ਦੀ ਅਦਾਇਗੀ ਬਕਾਇਆ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਮਿੱਲ ਦੇ ਜਨਰਲ ਮੈਨੇਜ਼ਰ ਨੂੰ ਹਦਾਇਤ ਜਾਰੀ ਕਰਨ ਦੇ ਬਾਵਜੂਦ ਅਦਾਇਗੀ ਨਾ ਕਰਨ ਕਰਕੇ ਅਮਨ ਤੇ ਕਾਨੂੰਨ ਦੇ ਵਿਗਾੜ ਦੀ ਸਥਿਤੀ ਪੈਦਾ ਹੋ ਸਕਦੀ ਹੈ। ਸ਼੍ਰੀ ਸਾਰੰਗਲ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ 14 ਦਿਨ ਦੇ ਅੰਦਰ-ਅੰਦਰ ਅਦਾਇਗੀ ਨਹੀਂ ਕੀਤੀ ਜਾਂਦੀ ਤਾਂ ਉਨ੍ਹਾਂ ਨੂੰ ਸੂਗਰਕੇਨ ਕੰਟਰੋਲ ਆਰਡਰ 1966 ਤਹਿਤ ਤੇ ਜ਼ਰੂਰੀ ਵਸਤਾਂ ਐਕਟ 1955 ਤਹਿਤ 15 ਫੀਸਦੀ ਸਾਲਾਨਾ ਵਿਆਜ ਵੀ ਦੇਣਾ ਹੁੰਦਾ ਹੈ। ਉਨ੍ਹਾਂ ਲਿੱਖਿਆ ਕਿ ਕਾਨੂੰਨੀ ਉਪਬੰਧਾਂ ਅਨੁਸਾਰ ਉਕਤ ਸ਼ੂਗਰ ਮਿੱਲ ਪਾਸੋਂ ਗੰਨੇ ਦੀ ਬਕਾਇਆ ਰਕਮ ਵਿਆਜ ਸਮੇਤ ਰਿਕਵਰ ਕੀਤੀ ਜਾਣੀ ਹੈ ਤਾਂ ਜੋ ਕਿਸਾਨਾਂ ਨੂੰ ਜਲਦ ਤੋਂ ਜਲਦ ਅਦਾਇਗੀ ਕੀਤੀ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: