ਰੱਖੜੀ ਦੇ ਤਿਓਹਾਰ ਦੇ ਬਾਅਦ ਅੱਜ ਤੋਂ ਕਿਸਾਨ ਫਗਵਾੜਾ ਵਿਚ ਪੂਰਾ ਹਾਈਵੇ ਜਾਮ ਕਰਨਗੇ। ਕਿਸਾਨ ਫਗਵਾੜਾ ਵਿਚ ਸ਼ੂਗਰ ਮਿੱਲ ਦੇ ਸਾਹਮਣੇ ਪਹਿਲਾਂ ਲੁਧਿਆਣਾ ਤੋਂ ਜਲੰਧਰ ਵਲ ਆਉਣ ਵਾਲੀ ਲੇਨ ਨੂੰ ਧਰਨਾ ਦੇ ਕੇ ਰੋਕੇ ਹੋਏ ਸਨ ਪਰ ਅੱਜ ਕਿਸਾਨ ਜਲੰਧਰ ਤੋਂ ਲੁਧਿਆਣਾ ਵਲ ਜਾਣ ਵਾਲੀ ਲੇਨ ਨੂੰ ਵੀ ਬਲਾਕ ਕਰਨਗੇ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣਾ ਅੰਦੋਲਨ ਤਿਓਹਾਰ ਨੂੰ ਦੇਖਦੇ ਹੋਏ ਥੋੜ੍ਹਾ ਮੱਠਾ ਕਰ ਦਿੱਤਾ ਸੀ। ਇਸ ਦੇ ਪਿੱਛੇ ਇਕ ਮਕਸਦ ਇਹ ਵੀ ਸੀ ਕਿ ਸਰਕਾਰ ਮੰਨ ਜਾਵੇ ਪਰ ਸਰਕਾਰ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਹੈ। ਹੁਣ ਕਿਸਾਨ ਆਪਣਾ ਹੱਕ ਲੈਣ ਲਈ ਵੱਡੀ ਕਾਰਵਾਈ ਕਰਨ ਨੂੰ ਮਜਬੂਰ ਹਨ।
ਦੁਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਦਾ ਕਹਿਮਾ ਹੈ ਕਿ ਫਗਵਾੜਾ ਸ਼ੂਗਰ ਮਿੱਲ ਕੋਲ ਕਿਸਾਨਾਂ ਦਾ 72 ਕਰੋੜ ਰੁਪਏ ਗੰਨੇ ਦੇ ਫਸੇ ਹੋਏ ਹਨ। ਮਿੱਲ ਮਾਲਕ ਖੁਦ ਗਾਇਬ ਹਨ ਤੇ ਸਰਕਾਰ ਉਨ੍ਹਾਂ ਦੀ ਸੁਣ ਨਹੀਂ ਰਹੀ। ਵਾਰ-ਵਾਰ ਮੀਟਿੰਗਾਂ ਕਰਕੇ ਭਰੋਸੇ ਤਾਂ ਦਿੱਤੇ ਜਾ ਰਹੇ ਹਨ ਪਰ ਨਤੀਜਾ ਕੁਝ ਵੀ ਸਾਹਮਣੇ ਨਹੀਂ ਆ ਰਿਹਾ। ਕਿਸਾਨ ਨੇਤਾ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਅੱਗੇ ਮੰਗ ਰੱਖੀ ਸੀ ਕਿ ਕਿਸਾਨਾਂ ਦੀ ਪੈਂਡਿੰਗ ਪੇਮੈਂਟ ਕਰ ਦਿੱਤੀ ਜਾਵੇ। ਪਹਿਲਾਂ ਤਾਂ ਸਰਕਾਰ ਮੰਨ ਗਈ ਪਰ ਬਾਅਦ ਵਿਚ ਮੁਕਰ ਗਈ।
ਮਨਜੀਤ ਸਿੰਘ ਰਾਏ ਨੇ ਕਿਹਾ ਕਿ ਕਿਸਾਨਾਂ ਦਾ ਪੈਸਾ ਸਿਰਫ ਫਗਵਾੜਾ ਸ਼ੂਗਰ ਮਿੱਲ ਕੋਲ ਹੀ ਨਹੀਂ ਫਸਿਆ ਸਗੋਂ ਸੂਬੇ ਦੀਆਂ ਕਈ ਸ਼ੂਗਰ ਮਿੱਲਾਂ ਨੇ ਕਿਸਾਨਾਂ ਦਾ ਪੈਸਾ ਦਬਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਫਸਲ ਬੀਜਣ ਤੋਂ ਪਹਿਲਾਂ ਕਿਸਾਨ ਬੈਂਕਾਂ ਤੋਂ ਕਰਜ਼ ਲੈਂਦੇ ਹਨ। ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਜਦੋਂ ਮਿੱਲਾਂ ਤੋਂ ਪੈਸਾ ਮਿਲੇਗਾ ਉਹ ਆਪਣਾ ਕਰਜ਼ਾ ਵਾਪਸ ਕਰਨਗੇ ਪਰ ਪੈਸਾ ਨਾ ਮਿਲਣ ਕਾਰਨ ਕਿਸਾਨਾਂ ਦੇ ਸਿਰ ‘ਤੇ ਵਿਆਜ ਵਧਣ ਕਾਰਨ ਕਰਜ਼ ਦਾ ਬੋਝ ਵਧਦਾ ਜਾ ਰਿਹਾ ਹੈ।
ਕਿਸਾਨ ਸੰਗਠਨਾਂ ਦੀ ਬੈਠਕ ਬੁਲਾਈ ਗਈ ਹੈ। ਉਸ ਵਿਚ ਸ਼ੂਗਰ ਮਿੱਲਾਂ ਦੇ ਬਕਾਏ ਨੂੰ ਲੈ ਕੇ ਚਰਚਾ ਹੋਵੇਗੀ। ਹੋ ਸਕਦਾ ਹੈ ਕਿ ਬੈਠਕ ਵਿਚ ਪੰਜਾਬ ਦੀਆਂ ਸ਼ੂਗਰ ਮਿੱਲਾਂ ਦੇ ਸਾਹਮਣੇ ਹਾਈਵੇ ਤੇ ਸੜਕਾਂ ‘ਤੇ ਕਿਸਾਨ ਧਰਨਾ ਲਗਾਉਣ ਦਾ ਫੈਸਲਾ ਲੈ ਲੈਣ।
ਵੀਡੀਓ ਲਈ ਕਲਿੱਕ ਕਰੋ -: