ਉੱਤਰ ਪ੍ਰਦੇਸ਼ ਦੇ ਬਦਨਾਮ ਗੈਂਗਸਟਰ ਮੁਖਤਾਰ ਅੰਸਾਰੀ ਦੇ ਮਾਮਲੇ ‘ਚ ਵੱਡੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਵਿੱਚ ਪੰਜਾਬ ਹੀ ਨਹੀਂ ਸਗੋਂ ਦਿੱਲੀ ਪੱਧਰ ਤੱਕ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਸਬੰਧੀ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਿਪੋਰਟ ਸੌਂਪ ਦਿੱਤੀ ਹੈ। ਜਿਸ ਵਿੱਚ ਅੰਸਾਰੀ ਨੂੰ ਰੋਪੜ ਜੇਲ੍ਹ ਵਿੱਚ ਵੀਆਈਪੀ ਟ੍ਰੀਟਮੈਂਟ ਦੇਣ ਦੀਆਂ ਤਾਰਾਂ ਦਿੱਲੀ ਤੱਕ ਜੁੜੀਆਂ ਦੱਸੀਆਂ ਜਾ ਰਹੀਆਂ ਹਨ।
ਸੂਤਰਾਂ ਮੁਤਾਬਕ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਅੰਸਾਰੀ ਜੇਲ੍ਹ ਦੀ ਬੈਰਕ ਤੋਂ ਵੱਧ ਰੋਪੜ ਵਿੱਚ ਅਫਸਰਾਂ ਦੇ ਕੁਆਰਟਰਾਂ ਵਿੱਚ ਰਹਿੰਦਾ ਸੀ, ਜਿੱਥੇ ਉਸ ਦੀ ਪਤਨੀ ਵੀ ਆਉਂਦੀ ਸੀ। ਇੰਨਾ ਹੀ ਨਹੀਂ ਅੰਸਾਰੀ ਦੇ ਮਾਮਲੇ ‘ਚ ਕਈ ਸੀਨੀਅਰ ਅਧਿਕਾਰੀਆਂ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ‘ਚ ਆ ਗਈ ਹੈ। ਜੇਲ੍ਹ ਮੰਤਰੀ ਬੈਂਸ ਨੇ ਕਿਹਾ ਕਿ ਅੰਸਾਰੀ ਮਾਮਲੇ ਵਿੱਚ ਕਈ ਵੱਡੇ ਲੋਕਾਂ ਦਾ ਹੱਥ ਹੈ। ਮੁੱਖ ਮੰਤਰੀ ਨੇ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ ਹੈ, ਜਿਸ ਸਬੰਧੀ ਜਲਦੀ ਹੀ ਰਾਸ਼ਟਰੀ ਪੱਧਰ ਦੀ ਕਾਰਵਾਈ ਕੀਤੀ ਜਾਵੇਗੀ।
ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੈਪਟਨ ਸਰਕਾਰ ਨੇ ਅੰਸਾਰੀ ਨੂੰ ਯੂਪੀ ਸਰਕਾਰ ਤੋਂ ਬਚਾਉਣ ਲਈ 55 ਲੱਖ ਤੋਂ ਵੱਧ ਖਰਚ ਕੀਤੇ ਸਨ। ਅੰਸਾਰੀ ਦੋ ਸਾਲ ਤੋਂ ਵੱਧ ਰੂਪਨਗਰ ਜੇਲ੍ਹ ਵਿੱਚ ਬੰਦ ਸੀ।
ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਵੀ ਵਿਧਾਨ ਸਭਾ ਵਿੱਚ ਗੈਂਗਸਟਰ ਅੰਸਾਰੀ ਦਾ ਮੁੱਦਾ ਚੁੱਕਿਆ ਸੀ। ਅੰਸਾਰੀ ਨੂੰ ਫਰਜ਼ੀ ਐਫਆਈਆਰ ਦਰਜ ਕਰਕੇ 2 ਸਾਲ 3 ਮਹੀਨੇ ਤੱਕ ਪੰਜਾਬ ਦੀ ਜੇਲ੍ਹ ਵਿੱਚ ਰੱਖਿਆ ਗਿਆ ਸੀ, ਜਿਸ ਦਾ ਚਾਲਾਨ ਪੇਸ਼ ਨਹੀਂ ਕੀਤਾ ਗਿਆ ਹੈ। ਉਹ ਜੇਲ੍ਹ ਵਿੱਚ ਆਪਣੀ ਪਤਨੀ ਨਾਲ ਰਹਿੰਦਾ ਸੀ। ਯੂਪੀ ਸਰਕਾਰ ਨੇ 26 ਵਾਰ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਪਰ ਪੰਜਾਬ ਤੋਂ ਉੱਤਰ ਪ੍ਰਦੇਸ਼ ਨਹੀਂ ਭੇਜੇ ਗਏ। ਅੰਸਾਰੀ ਨੂੰ ਜੇਲ੍ਹ ਵਿੱਚ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ।
ਇਹ ਵੀ ਪੜ੍ਹੋ : BJP ਸੰਸਦੀ ਬੋਰਡ ਤੋਂ ਹਟਾਏ ਗਏ ਗਡਕਰੀ ਤੇ ਚੌਹਾਨ, ਇੱਕ ਵੀ CM ਨਹੀਂ, ਚੋਣ ਕਮੇਟੀ ਵੀ ਬਣੀ ਨਵੀਂ
ਪਿਛਲੀ ਕਾਂਗਰਸ ਸਰਕਾਰ ਵਿੱਚ ਜੇਲ੍ਹ ਮੰਤਰੀ ਰਹਿ ਚੁੱਕੇ ਸੁਖਜਿੰਦਰ ਰੰਧਾਵਾ ਮੁਖਤਾਰ ਅੰਸਾਰੀ ਨੂੰ ਲੈ ਕੇ ਲਗਾਤਾਰ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ। ਉਹ ਉੱਤਰ ਪ੍ਰਦੇਸ਼ ਦੇ ਦੌਰੇ ‘ਤੇ ਵੀ ਗਏ ਸਨ, ਜਿਸ ਤੋਂ ਬਾਅਦ ਯੂਪੀ ਸਰਕਾਰ ਦੇ ਮੰਤਰੀ ਸਿਧਾਰਥ ਨਾਥ ਸਿੰਘ ਨੇ ਵੀ ਦੋਸ਼ ਲਾਇਆ ਸੀ ਕਿ ਰੰਧਾਵਾ ਨੇ ਅੰਸਾਰੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ। ਹਾਲਾਂਕਿ ਰੰਧਾਵਾ ਨੇ ਇਸ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਮੰਤਰੀ ਬੈਂਸ ਨੂੰ ਚੁਣੌਤੀ ਦਿੱਤੀ ਸੀ ਕਿ ਅੰਸਾਰੀ ਦੀ ਪਤਨੀ ਜੇਲ੍ਹ ਵਿੱਚ ਰਹਿੰਦੀ ਹੈ, ਮੰਤਰੀ ਸਾਬਿਤ ਕਰੇ। ਮੰਤਰੀ ਨੇ ਦਾਅਵਾ ਕੀਤਾ ਸੀ ਕਿ ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ।
ਮੁਖਤਾਰ ਅੰਸਾਰੀ ‘ਤੇ ਪੰਜਾਬ ਦੇ ਮੋਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਫਿਰੌਤੀ ਮੰਗਣ ਦਾ ਦੋਸ਼ ਸੀ। ਉਸ ਨੂੰ ਪੰਜਾਬ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟ ’ਤੇ ਮੁਹਾਲੀ ਲਿਆਂਦਾ ਗਿਆ ਸੀ। 24 ਜਨਵਰੀ 2019 ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰੋਪੜ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਪਿਛਲੇ ਸਾਲ ਅਪ੍ਰੈਲ ‘ਚ ਉਸ ਨੂੰ ਪੰਜਾਬ ਤੋਂ ਉੱਤਰ ਪ੍ਰਦੇਸ਼ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਸੀ।