ਪੰਜਾਬ ਵਿਚ ਮਾਰੂਤੀ ਕਾਰਾਂ ਨੂੰ ਲੈ ਕੇ ਵੱਡੇ ਘਪਲੇ ਦਾ ਖੁਲਾਸਾ ਹੋਇਆ ਹੈ। ਹੜ੍ਹ ਵਿਚ ਕੰਡਮ ਹੋ ਚੁੱਕੀਆਂ ਕਾਰਾਂ ਕਬਾੜੀਏ ਨੇ ਸਸਤੇ ਰੇਟ ‘ਤੇ ਖਰੀਦੀ ਫਿਰ ਉੁਨ੍ਹਾਂ ਨੂੰ ਫਰਜ਼ੀ ਡਾਕੂਮੈਂਟਸ ਜ਼ਰੀਏ ਰੀਜਨਲ ਟਰਾਂਸਪੋਰਟ ਅਥਾਰਟੀਜ਼ ਕੋਲ ਰਜਿਸਟਰਡ ਵੀ ਕਰਵਾ ਦਿੱਤਾ। ਇਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਜਿਸ ਤੋਂ ਬਾਅਦ 40 ਕਾਰਾਂ ਬਰਾਮਦ ਹੋਈਆਂ। ਕਬਾੜੀਏ ਤੇ ਉਸ ਦੇ ਸਾਥੀਆਂ ਖਿਲਾਫ ਕੇਸ ਦਰਜ ਕਰਕੇ 3 ਨੂੰ ਗ੍ਰਿਫਤਾਰ ਕਰ ਲਿਆ ਹੈ।
ਰੋਪੜ ਰੇਂਜ ਦੇ ਡੀਆਈਜੀ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ 2019 ਵਿਚ ਪਟਿਆਲਾ ਵਿਚ ਹੜ੍ਹ ਆਇਆ ਸੀ ਜਿਸ ਵਿਚ ਰਾਜਪੁਰਾ ਰੋਡ ਸਥਿਤ ਏਟਲੀਅਰ ਆਟੋਮੋਬਾਈਲ ਵਿਚ 87 ਕਾਰਾਂ ਇਸ ਦੀ ਚਪੇਟ ਵਿਚ ਆ ਗਈਆਂ। ਇਹ ਸਾਰੀਆਂ ਕਾਰਾਂ ਮਾਰੂਤੀ ਦੀਆਂ ਸਨ। ਹੜ੍ਹ ਦੀ ਲਪੇਟ ਵਿਚ ਆਉਣ ਨਾਲ ਸ਼ੋਅਰੂਮ ਵਿਚ ਇਨ੍ਹਾਂ ਕਾਰਾਂ ਨੂੰ ਕੰਡਮ ਕਰਾਰ ਦੇ ਦਿੱਤਾ।
ਏਜੰਸੀ ਨੇ ਇਨ੍ਹਾਂ ਕਾਰਾਂਨੂੰ ਕੰਡਮ ਕਰਾਰ ਦੇਣ ਦੇ ਬਾਅਦ ਪੁਲਿਸ ਤੇ ਟਰਾਂਸਪੋਰਟ ਵਿਭਾਗ ਨਾਲ ਸੰਪਰਕ ਨਹੀਂ ਕੀਤਾ। ਆਪਣੇ ਪੱਧਰ ‘ਤੇ ਹੀ ਜੁਲਾਈ 2019 ਵਿਚ ਮਾਨਸਾ ਦੇ ਕਬਾੜੀ ਪੁਨੀਤ ਟ੍ਰੇਡਿੰਗ ਕੰਪਨੀ ਦੇ ਮਾਲਕ ਪੁਨੀਤ ਗੋਇਲ ਨੂੰ ਵੇਚ ਦਿੱਤੀਆਂ। 87 ਕਬਾੜ ਹੋਈਆਂ ਕਾਰਾਂ 85 ਲੱਖ ਵਿਚ ਵੇਚੀਆਂ ਗਈਆਂ।
ਪੁਲਿਸ ਨੂੰ 3 ਅਗਸਤ ਨੂੰ ਇਸ ਬਾਰੇ ਸੂਚਨਾ ਮਿਲੀ। ਕੇਸ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਜਿਸ ਵਿਚ ਪਤਾ ਲੱਗਾ ਕਿ ਕੰਪਨੀ ਨੇ ਜਦੋਂ ਕਬਾੜੀਏ ਨੂੰ ਕਾਰਾਂ ਵੇਚੀਆਂ ਤਾਂ ਇਨ੍ਹਾਂ ਚੈਂਸੀ ਨੰਬਰ ਮਿਟਾ ਦਿੱਤੇ ਸਨ ਤਾਂ ਕਿ ਅੱਗੇ ਇਸ ਦੀ ਵਰਤੋਂ ਨਾ ਹੋਵੇ। ਇਸ ਦੇ ਬਾਵਜੂਦ ਪੁਨੀਤ ਗੋਇਲ ਨੇ ਸਾਥੀਆਂ ਨਾਲ ਮਿਲ ਕੇ ਇਨ੍ਹਾਂ ਨੂੰ ਪੰਜਾਬ ਤੇ ਦੂਜੇ ਸੂਬਿਆਂ ਦੇ ਟਰਾਂਸਪੋਰਟ ਆਫਿਸ ਵਿਚ ਰਜਿਸਟਰਡ ਕਰਾ ਲਿਆ ਜਿਸ ਦੇ ਬਾਅਦ ਇਨ੍ਹਾਂ ਨੂੰ ਕਰੋੜਾਂ ਵਿਚ ਅੱਗੇ ਵੇਚ ਦਿੱਤਾ ਗਿਆ।
ਫਤਿਹਗੜ੍ਹ ਸਾਹਿਬ ਦੀ ਐੱਸਐੱਸਪੀ ਰਵਜੋਤ ਕੌਰ ਨੇ ਦੱਸਿਆ ਕਿ ਸਰਹਿੰਦ ਪੁਲਿਸ ਸਟੇਸ਼ਨ ਵਿਚ 4 ਲੋਕਾਂ ‘ਤੇ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚ ਪੁਨੀਤ ਗੋਇਲ, ਪਿਤਾ ਰਾਜਪਾਲ ਸਿੰਘ, ਕਾਰ ਡੀਲਰ ਤੇ ਇਸ ਫਰਾਡ ਦਾ ਮਾਸਟਰਮਾਈਂਡ ਜਸਪ੍ਰੀਤ ਸਿੰਘ ਉਰਫ ਰਿੰਕੂ ਤੋਂ ਇਲਾਵਾ ਬਠਿੰਡਾ ਵਿਚ ਆਰਟੀਏ ਏਜੰਟ ਨਵੀਨ ਕੁਮਾਰ ਵੀ ਸ਼ਾਮਲ ਹੈ। ਪੁਨੀਤ ਗੋਇਲ ਨੂੰ ਛੱਡ ਕੇ ਬਾਕੀ 3 ਦੀ ਗ੍ਰਿਫਤਾਰੀ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: