ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਨਿਊ ਚੰਡੀਗੜ੍ਹ ਮੁੱਲਾਂਪੁਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਸਮੂਹ ਪੰਜਾਬੀਆਂ ਨੂੰ ਉਸ ਸੁਪਨੇ ਦੇ ਪੂਰਾ ਹੋਣ ਦੀ ਵਧਾਈ ਦਿੱਤੀ, ਜਿਸ ਦੀ ਸ਼ੁਰੂਆਤ 30 ਦਸੰਬਰ 2013 ‘ਚ ਹੋਮੀ ਭਾਭਾ ਕੈਂਸਰ ਖੋਜ ਕੇਂਦਰ ਵਜੋਂ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਮੁੱਚੀ ਪਾਰਟੀ ਵੱਲੋਂ ਦੇਸ਼-ਵਿਦੇਸ਼ ਦੇ ਕਈ ਵਿਸ਼ਵ ਪੱਧਰੀ ਕੈਂਸਰ ਹਸਪਤਾਲਾਂ ਦਾ ਦੌਰਾ ਕਰਨ ਤੋਂ ਬਾਅਦ ਅਕਾਲੀ ਸਰਕਾਰ ਵੱਲੋਂ ਵਸਾਏ ਗਏ ਨਵੀਂ ਚੰਡੀਗੜ੍ਹ ਦੇ ਖੂਬਸੂਰਤ ਇਲਾਕੇ ਵਿੱਚ ਪੰਜਾਬ ਸਰਕਾਰ ਵੱਲੋਂ ਇਸ ਹਸਪਤਾਲ ਲਈ 50 ਏਕੜ ਜ਼ਮੀਨ ਅਲਾਟ ਕੀਤੀ ਗਈ।
ਇਸ ਹਸਪਤਾਲ ਦਾ ਨੀਂਹ ਪੱਥਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 30 ਦਸੰਬਰ 2013 ਨੂੰ ਰੱਖਿਆ ਸੀ। ਅੱਜ ਦੇ ਸਮੇਂ ਵਿੱਚ ਜਦੋਂ ਕੈਂਸਰ ਵਰਗੀਆਂ ਲਾਇਲਾਜ ਅਤੇ ਜਾਨਲੇਵਾ ਬੀਮਾਰੀਆਂ ਦਾ ਇਲਾਜ ਆਮ ਆਦਮੀ ਦੇ ਵੱਸ ਤੋਂ ਬਾਹਰ ਹੈ ਤਾਂ ਇਹ ਹਸਪਤਾਲ ਪ੍ਰਕਾਸ਼ ਸਿੰਘ ਬਾਲ ਦੇ ਸੁਪਨੇ ਮੁਤਾਬਕ ਪੰਜਾਬ ਅਤੇ ਇਸ ਦੇ ਗੁਆਂਢੀ ਦੇਸ਼ ਦੇ ਮਰੀਜ਼ਾਂ ਨੂੰ ਸਸਤਾ, ਵਧੀਆ ਅਤੇ ਵਿਸ਼ਵ ਪੱਧਰੀ ਇਲਾਜ ਮੁਹੱਈਆ ਕਰਵਾਏਗਾ।
ਇਹ ਵੀ ਪੜ੍ਹੋ : ਬਠਿੰਡਾ : ਤਲਾਸ਼ੀ ਲੈਣ ਗਏ ਜੇਲ੍ਹ ਅਧਿਕਾਰੀਆਂ ਨੂੰ ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ
ਦੱਸ ਦੇਈਏ ਕਿ ਨਿਊ ਚੰਡੀਗੜ੍ਹ ਮੁੱਲਾਂਪੁਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਨੂੰ 660 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ। 300 ਬਿਸਤਰਿਆਂ ਦੀ ਸਮਰੱਥਾ ਵਾਲਾ ਇਹ ਹਸਪਤਾਲ ਕੈਂਸਰ ਦੇ ਇਲਾਜ ਸਬੰਧੀ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਇਸ ਵਿੱਚ ਸਰਜੀਕਲ ਓਨਕੋਲੋਜੀ, ਮੈਡੀਕਲ ਓਨਕੋਲੋਜੀ, ਰੇਡੀਏਸ਼ਨ ਓਨਕੋਲੋਜੀ, ਪ੍ਰੀਵੈਨਟਿਵ ਓਨਕੋਲੋਜੀ, ਐਨਸਥੀਸੀਆ ਦੀ ਓ.ਪੀ.ਡੀ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ MRI, CT, ਮੈਮੋਗ੍ਰਾਫੀ, ਡਿਜੀਟਲ ਰੇਡੀਓਗ੍ਰਾਫ਼ੀ ਆਦਿ ਆਧੁਨਿਕ ਸਹੂਲਤਾਂ ਵੀ ਇੱਥੇ ਉਪਲਬਧ ਹਨ । ਇਹ ਕੇਂਦਰ ਬਾਇਓਪਸੀ ਲਈ ਕੀਮੋਥੈਰੇਪੀ ਅਤੇ ਮਾਮੂਲੀ OT ਲਈ ਡੇ ਕੇਅਰ ਦੀ ਸਹੂਲਤ ਵੀ ਹੈ।
ਵੀਡੀਓ ਲਈ ਕਲਿੱਕ ਕਰੋ -: