ਧੰਨ-ਧੰਨ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 2 ਸਤੰਬਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਨੂੰ ਲੈ ਕੇ ਸੁਲਤਾਨਪੁਰ ਲੋਧੀ ਵਿਖੇ ਇਤਿਹਾਸਕ ਗੁਰਦੁਆਰਾ ਅਸਥਾਨ ਸ੍ਰੀ ਬੇਰ ਸਾਹਿਬ ਨੂੰ ਵੰਨ-ਸੁਵੰਨੇ ਫੁੱਲਾਂ ਨਾਲ ਸਜਾਇਆ ਗਿਆ ਹੈ। ਇਹ ਫੁੱਲ ਚੀਨ ਤੋਂ ਮੰਗਵਾਏ ਗਏ ਹਨ ਤੇ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਕਾਰੀਗਰਾਂ ਵੱਲੋਂ ਗੁਰਦੁਆਰਾ ਸਾਹਿਬ ਨੂੰ ਸਜਾਇਆ ਗਿਆ ਹੈ ਕਿ ਇਸ ਦਾ ਨਜ਼ਾਰਾ ਵੇਖਣ ਵਾਲਾ ਹੈ।
ਇਨ੍ਹਾਂ ਫੁੱਲਾਂ ਦੀ ਸਜਾਵਟ ਨਾਲ ਗੁਰਦੁਆਰਾ ਸਾਹਿਬ ਦੀ ਸੋਭਾ ਹੋਰ ਵੀ ਵਧ ਗਈ ਹੈ ਤੇ ਇਹ ਸ਼ਰਧਾਲੂਆਂ ਲਈ ਖਿੱਚ ਦਾ ਕੇਂਦ ਰਬਣੇ ਹੋਏ ਹਨ। ਗੁਰਦੁਆਰਾ ਸਾਹਿਬ ਦੇ ਅੰਦਰੋਂ ਫੁੱਲਾਂ ਨਾਲ ਉੱਚੀਆਂ ਰੱਸੀਆਂ ਬੰਨ ਕੇ ਸਜਾਵਟ ਦਾ ਕੰਮ ਦਿਨ-ਰਾਤ ਲੱਗ ਕੇ ਪੂਰਾ ਕੀਤਾ ਗਿਆ।
ਦੱਸ ਦੇਈਏ ਕਿ 1 ਅਤੇ 2 ਸਤੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਯਾਦ ’ਚ ਵਿਸ਼ਾਲ ਗੁਰਮਤਿ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ ਅਤੇ 2 ਸਤੰਬਰ ਦੀ ਸਵੇਰ 7 ਵਜੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਟਾਲਾ ਲਈ ਮਹਾਨ ਨਗਰ ਕੀਰਤਨ ਵੀ ਸਜਾਇਆ ਜਾ ਰਿਹਾ ਹੈ।
1 ਸਤੰਬਰ ਦੀ ਸ਼ਾਮ ਨੂੰ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਸਤਿਗੁਰੂ ਪਹਿਲੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀ ਯਾਦ ’ਚ ਧਾਰਮਿਕ ਦੀਵਾਨ ਸਜਾਇਆ ਜਾਵੇਗਾ। ਇਸ ਦਿਨ ਹੀ ਬਟਾਲਾ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ’ਚ ਪੁੱਜ ਰਹੀਆਂ ਸੰਗਤਾਂ ਦਾ ਸਵਾਗਤ ਕੀਤਾ ਜਾਵੇਗਾ।
2 ਸਤੰਬਰ ਨੂੰ ਸਵੇਰੇ ਗੁਰਦੁਆਰਾ ਬੇਰ ਸਾਹਿਬ ਦੇ ਦਰਬਾਰ ਸਾਹਿਬ ’ਚ ਸਵੇਰੇ 7 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ’ਚ ਸਜਾਇਆ ਜਾਵੇਗਾ।
ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ’ਚ ਨਗਰ ਕੀਰਤਨ ਬਟਾਲਾ ਸਾਹਿਬ ਲਈ ਰਵਾਨਾ ਹੋਵੇਗਾ, ਜੋਕਿ ਤਲਵੰਡੀ ਚੌਧਰੀਆਂ ਰੋਡ, ਮੁੰਡੀ ਮੋੜ , ਉੱਚਾ ਤੋਂ ਹੁੰਦੇ ਹੋਏ ਬਿਆਸ, ਬਾਬਾ ਬਕਾਲਾ ਸਾਹਿਬ, ਮਹਿਤਾ ਚੌਕ ਰਾਹੀਂ ਸ਼ਾਮ ਨੂੰ ਬਟਾਲਾ ਸਾਹਿਬ ਦੇ ਗੁਰਦੁਆਰਾ ਸਤਿਕਰਤਾਰੀਆ ਸਾਹਿਬ ਪੁੱਜ ਕੇ ਸਮਾਪਤ ਹੋਵੇਗਾ।