ਪੰਜਾਬ ਦੇ ਵਿੱਤੀ ਹਾਲਾਤ ਹੋਰ ਵੀ ਮਾੜੇ ਹੁੰਦੇ ਜਾ ਰਹੇ ਹਨ। ਪੰਜਾਬ ਸਰਕਾਰ ਨੇ ਅਗਸਤ ਮਹੀਨੇ ‘ਚ 3000 ਕਰੋੜ ਦਾ ਕਰਜ਼ਾ ਲਿਆ ਹੈ। ਨਾ ਤਾਂ ਵਾਅਦੇ ਮੁਤਾਬਕ ਗੰਨਾ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਗਏ ਹਨ ਤੇ ਨਾ ਹੀ ਕਰਮਚਾਰੀਆਂ ਨੂੰ ਤਨਖਾਹ ਮਿਲੀ ਹੈ। ਪੰਜਾਬ ਸਰਕਾਰ ਨੇ ਆਪਣੇ ਖਰਚੇ ਚਲਾਉਂਣ ਲਈ 4 ਅਗਸਤ ਨੇ 500 ਕਰੋੜ ਦਾ ਕਰਜਾ ਲਿਆ ਹੈ, ਜਦੋਂਕਿ ਫਿਰ 25 ਅਗਸਤ ਨੂੰ 1500 ਕਰੋੜ ਅਤੇ 26 ਅਗਸਤ ਨੂੰ 1500 ਕਰੋੜ ਦਾ ਮਾਰਕੀਟ ਤੋਂ ਕਰਜਾ ਲਿਆ ਹੈ
ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਸਰਕਾਰ ਨੇ ਅਪ੍ਰੈਲ 2022 ਤੋਂ ਜੁਲਾਈ 2022 ਤੱਕ 4122.66 ਕਰੋੜ ਦਾ ਕਰਜ਼ ਲਿਆ ਸੀ ਤੇ ਇਕੱਲੇ ਅਗਸਤ 2022 ਮਹੀਨੇ ਵਿੱਚ 3000 ਕਰੋੜ ਦਾ ਕਰਜਾ ਲਿਆ ਹੈ । ਇਸ ਤਰ੍ਹਾਂ ਸਰਕਾਰ ਨੇ ਅਪ੍ਰੈਲ 2022 ਤੋਂ ਅਗਸਤ 2022 ਤੱਕ 7122 .66 ਕਰੋੜ ਦਾ ਕਰਜਾ ਲਿਆ ਹੈ ।
ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਹੈ ਕਿ ਪੰਜਾਬ ਦੀ ਵਿੱਤੀ ਹਾਲਤ ਵਿੱਚ ਸੁਧਾਰ ਹੋ ਗਿਆ ਹੈ। ਸੁਧਾਰ ਕਿੰਨਾ ਹੋਇਆ ਹੈ ਇਹ ਤਾਂ ਹੁਣ ਨਜ਼ਰ ਆਉਂਣਾ ਸ਼ੁਰੂ ਹੋ ਗਿਆ ਹੈ। ਪੰਜਾਬ ਸਰਕਾਰ ਨੇ ਗੰਨਾ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ 1 ਸਤੰਬਰ ਤੱਕ ਗੰਨਾ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਚਲੇ ਜਾਣਗੇ ਪਰ ਅਜੇ ਤੱਕ ਗੰਨਾ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਨਹੀਂ ਗਏ ਹਨ।
ਇਸ ਦੇ ਨਾਲ ਹੀ ਪੰਜਾਬ ਸਿਵਲ ਸਕਤੱਰੇਤ ਜਿਥੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਮੰਤਰੀਆਂ ਤੇ ਅਧਿਕਾਰੀਆਂ ਨਾਲ ਬੈਠਕਾਂ ਕਰਦੇ ਹਨ ਤੇ ਸਕੱਤਰੇਤ ਦੇ ਕਰਮਚਾਰੀ ਵੀ ਤਨਖਾਹ ਵੱਲ ਤੱਕ ਰਹੇ ਹਨ ਕਿ ਕਦੋਂ ਉਹਨਾਂ ਦੀ ਤਨਖਾਹ ਆਵੇਗੀ। ਉਨ੍ਹਾਂ ਨੂੰ ਵੀ ਅਜੇ ਤੱਕ ਤਨਖਾਹ ਨਹੀਂ ਮਿਲੀ ਹੈ ਅਤੇ ਅਜੇ ਕੁਝ ਦਿਨ ਹੋਣ ਤਨਖਾਹ ਮਿਲਣ ਦੇ ਆਸਾਰ ਨਹੀਂ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਸੀਂਕਿੰਗ ਫੰਡ ਵਿੱਚ ਨਿਵੇਸ਼ ਕਰਨਾ ਹੁੰਦਾ ਹੈ ਇਸ ਲਈ ਤਨਖਾਹ ਅਤੇ ਕਿਸਾਨਾਂ ਨੂੰ ਰਾਸ਼ੀ ਮਿਲਣ ਵਿੱਚ ਦੇਰੀ ਹੋ ਰਹੀ ਹੈ। ਪੰਜਾਬ ਸਰਕਾਰ ਨੇ 2019 -20 ਵਿੱਚ ਸੀਂਕਿੰਗ ਫੰਡ ਕਾਇਮ ਕੀਤਾ ਸੀ ਇਸ ਫੰਡ ਵਿੱਚੋਂ ਕਰਜੇ ਦੀ ਕਿਸ਼ਤ ਜਾਂਦੀ ਹੈ। ਸਰਕਾਰ ਨੇ ਹੁਣ ਸੀਂਕਿੰਗ ਫੰਡ ਵਿੱਚ ਲਗਭਗ 3000 ਕਰੋੜ ਦਾ ਨਿਵੇਸ਼ ਕਰਨਾ ਹੈ, ਇਸ ਲਈ ਖਜ਼ਾਨੇ ਵਿੱਚ ਪੈਸੇ ਹੋਣੇ ਜ਼ਰੂਰੀ ਹਨ।
ਇਹ ਵੀ ਪੜ੍ਹੋ : ਦਿੱਲੀ : ਰਾਜਪਥ ਦਾ ਨਾਂ ਹੁਣ ਤੋਂ ਹੋਇਆ ‘ਕਰਤਵਯ ਪਥ’, NDMC ਨੇ ਮਤੇ ‘ਤੇ ਲਾਈ ਮੋਹਰ
ਸੂਤਰਾਂ ਮੁਤਾਬਕ ਜੀ.ਐੱਸ.ਟੀ. ਦਾ ਪੈਸੇ ਆ ਗਿਆ ਹੈ। ਸਰਕਾਰ ਹੁਣ ਮਾਰਕੀਟ ਤੋਂ ਕਰਜ਼ਾ ਲੈਣ ਜਾ ਰਹੀ ਹੈ ਤਾਂ ਕਿ ਕਰਮਚਾਰੀਆਂ ਨੂੰ ਤਨਖਾਹ ਦਿੱਤੀ ਜਾ ਸਕੇ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਦੀ ਵਿੱਤੀ ਹਾਲਤ ਠੀਕ ਹੈ, ਸਰਕਾਰ ਦੀ ਜੀ.ਐੱਸ.ਟੀ. ਤੋਂ ਆਮਦਨ ਵਧੀ ਹੈ। ਇਸ ਸਭ ਦੇ ਬਾਵਜੂਦ ਸਰਕਾਰ ਨਾ ਤਾਂ ਗੰਨਾ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਰਾਸ਼ੀ ਦੇ ਸਕੀ ਹੈ ਅਤੇ ਨਾ ਹੀ ਕਰਮਚਾਰੀਆਂ ਨੂੰ ਤਨਖਾਹ ਦੇ ਸਕੀ ਹੈ।
ਵੀਡੀਓ ਲਈ ਕਲਿੱਕ ਕਰੋ -: