ਅੰਮ੍ਰਿਤਸਰ ਦੇ ਡੀਏਵੀ ਪਬਲਿਕ ਸਕੂਲ ਨੂੰ ਬੰਬ ਦੀ ਧਮਕੀ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਇੱਕ ਦਿਨ ਬਾਅਦ ਪੰਜਾਬ ਪੁਲਿਸ ਨੇ ਵੀਰਵਾਰ ਨੂੰ 9ਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਨੂੰ ਕਥਿਤ ਤੌਰ ‘ਤੇ ਅਫਵਾਹਾਂ ਫੈਲਾਉਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ। ਪੁਲਿਸ ਨੇ ਸਕੂਲ ਦੇ ਬੱਚਿਆਂ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਕਿ ਅਫਵਾਹ ਫੈਲਾਉਣ ਵਾਲੇ ਬੱਚੇ ਕਿਹੜੇ ਹਨ। ਸਕੂਲ ਪ੍ਰਿੰਸੀਪਲ ਪੱਲਵੀ ਸੇਠੀ ਦਾ ਕਹਿਣਾ ਹੈ ਕਿ ਜੇ ਸਟੂਡੈਂਟ ਉਨ੍ਹਾਂ ਦੇ ਸਕੂਲ ਦੇ ਹੋਏ ਤਾਂ ਵੀ ਉਹ ਕਾਰਵਾਈ ਕਰਨਗੇ।
ਵ੍ਹਾਟਸਐਪ ‘ਤੇ ਬੁੱਧਵਾਰ ਸ਼ਾਮ ਨੂੰ ਦੋ ਮੈਸੇਜਾਂ ਤੋਂ ਬਾਅਦ ਦਹਿਸ਼ਤ ਫੈਲ ਗਈ – ਇਕ ਬੰਬ ਧਮਾਕੇ ਦੀ ਧਮਕੀ ਅਤੇ ਦੂਜਾ ਸਕੂਲ ਵਿਚ ਗੋਲੀਬਾਰੀ। ਦੋਹਾਂ ਪੋਸਟਾਂ ‘ਤੇ ਪਾਕਿਸਤਾਨ ਦਾ ਝੰਡਾ ਸੀ ਅਤੇ ਧਮਕੀ ਅੰਗਰੇਜ਼ੀ ਅਤੇ ਉਰਦੂ ਦੋਵਾਂ ਭਾਸ਼ਾਵਾਂ ‘ਚ ਲਿਖੀ ਹੋਈ ਸੀ। ਇਸ ਤੋਂ ਤੁਰੰਤ ਬਾਅਦ ਸਕੂਲ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਅਤੇ ਕੈਂਪਸ ਵਿੱਚ ਪੰਜਾਬ ਪੁਲਿਸ ਦੇ ਕਮਾਂਡੋ ਤਾਇਨਾਤ ਕਰ ਦਿੱਤੇ ਗਏ।
ਪਤਾ ਲੱਗਾ ਹੈ ਕਿ ਤਿੰਨੋਂ ਸ਼ਰਾਰਤੀ ਬੱਚਿਆਂ ਨੇ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਇਹ ਮੈਸੇਜ ਪਾਏ ਸਨ। ਉਰਦੂ ਲਈ ਟਰਾਂਸਲੇਟਰ ਦੀ ਵਰਤੋਂ ਕੀਤੀ ਗਈ ਸੀ। ਜੁਵੇਨਾਈਲ ਹੋਣ ਕਰਕੇ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਪਰ ਪੁਲਿਸ ਹਿਰਾਸਤ ਵਿੱਚ ਲੈ ਕੇ ਨਿਯਮਾਂ ਮੁਤਾਬਕ ਕਾਰਵਾਈ ਕਰੇਗੀ।
ਪੰਜਾਬ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਵਿਸਫੋਟਕਾਂ ਦਾ ਪਤਾ ਲਗਾਉਣ ਲਈ ਸਕੂਲ ਦੀ ਚਾਰਦੀਵਾਰੀ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਕੂਲ ਦੇ ਹੀ ਤਿੰਨ ਵਿਦਿਆਰਥੀਆਂ ਨੇ ਇਹ ਅਫਵਾਹ ਫੈਲਾਈ ਸੀ। ਪੁਲਿਸ ਉਨ੍ਹਾਂ ਤੋਂ ਪੁੱਛਗਿਛ ਕਰ ਰਹੀ ਹੈ ਤਾਂ ਕਿ ਉਨ੍ਹਾਂ ਦੇ ਮਕਸਦ ਦਾ ਪਤਾ ਲਗਾਇਆ ਜਾ ਸਕੇ।
ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਬੁੱਧਵਾਰ ਰਾਤ ਸਕੂਲ ਨੂੰ ਬੰਬ ਨਾਲ ਉਡਾਉਣ ਤੇ ਗੋਲੀਬਾਰੀ ਦੀ ਧਮਕੀ ਤੋਂ ਬਾਅਦ ਵੀਰਵਾਰ ਸਵੇਰੇ ਸਕੂਲ ਪਹੁੰਚੇ। ਹਾਲਾਂਕਿ ਬਾਅਦ ‘ਚ ਪਤਾ ਲੱਗਾ ਕਿ ਸਕੂਲ ਦੇ ਆਲੇ-ਦੁਆਲੇ ਕੋਈ ਗੋਲੀਬਾਰੀ ਨਹੀਂ ਹੋਈ, ਸਗੋਂ ਕਿਸੇ ਨੇ ਇਹ ਅਫਵਾਹ ਫੈਲਾਈ ਹੈ।
ਇਸ ਦੀ ਪੁਸ਼ਟੀ ਕਰਦਿਆਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਡੀਏਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ ਸਭ ਕੁਝ ਆਮ ਵਾਂਗ ਹੈ। ਪੁਲਿਸ ਇੱਥੇ ਸੁਰੱਖਿਆ ਵਿੱਚ ਤਾਇਨਾਤ ਹੈ ਅਤੇ ਗੋਲੀਬਾਰੀ ਦੀ ਅਫਵਾਹ ਫੈਲੀ ਹੈ। ਮੈਂ ਇਸ ਸਬੰਧੀ ਸਕੂਲ ਪ੍ਰਬੰਧਕਾਂ ਅਤੇ ਪੁਲਿਸ ਨਾਲ ਗੱਲ ਕੀਤੀ ਹੈ।
ਉਨ੍ਹਾਂ ਲਿਖਿਆ ਕਿ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਲੋੜੀਂਦੀ ਕਾਰਵਾਈ ਕੀਤੀ। ਡਰਨ ਦੀ ਕੋਈ ਗੱਲ ਨਹੀਂ ਹੈ। ਸਕੂਲ ਆਮ ਵਾਂਗ ਖੁੱਲ੍ਹਾ ਹੈ। ਅਹਿਤਿਆਤ ਵਜੋਂ ਵਿਸ਼ੇਸ਼ ਕਮਾਂਡੋ ਵੀ ਮੌਕੇ ‘ਤੇ ਤਾਇਨਾਤ ਹਨ। ਬੱਚਿਆਂ ਦੇ ਮਾਪੇ ਕਿਸੇ ਵੀ ਖਦਸ਼ੇ ਸਬੰਧੀ ਉਨ੍ਹਾਂ ਦੇ ਮੋਬਾਈਲ ਨੰਬਰ ‘ਤੇ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ : ਤਿਰੰਗੇ ਦੇ ਅਪਮਾਨ ਦੀ ਮਿਲੀ ਸਜ਼ਾ, ਝੰਡੇ ਨਾਲ ਸਕੂਟੀ ਸਾਫ਼ ਕਰਨ ‘ਤੇ ਬੰਦਾ ਗ੍ਰਿਫ਼ਤਾਰ
ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਮੈਸੇਜ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਵਾਇਰਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਰਾਤ ਡੀਏਵੀ ਪਬਲਿਕ ਸਕੂਲ ਨੂੰ ਉਡਾਉਣ ਦੀ ਧਮਕੀ ਦਾ ਸੰਦੇਸ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਮੈਸੇਜ ਵਿੱਚ ਲਿਖਿਆ ਹੈ ਕਿ 8 ਸਤੰਬਰ ਨੂੰ ਸਕੂਲ ਨੂੰ ਉਡਾ ਦਿੱਤਾ ਜਾਵੇਗਾ। ਪੁਲਿਸ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਧਮਕੀ ਭਰਿਆ ਸੰਦੇਸ਼ ਕਿਸ ਮੋਬਾਈਲ ਤੋਂ ਅਤੇ ਕਿਸ ਦੇ ਜ਼ਰੀਏ ਵਾਇਰਲ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: