ਚੰਡੀਗੜ੍ਹ ਦੇ ਸੈਕਟਰ-10 ‘ਚ ਐਤਵਾਰ ਸ਼ਾਮ ਕਰੀਬ 5 ਵਜੇ ਨੌਕਰਾਣੀ ਮਕਾਨ ਮਾਲਕਣ ਨੂੰ ਬੇਹੋਸ਼ ਕਰ ਕੇ 15 ਲੱਖ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਰਫੂਚੱਕਰ ਹੋ ਗਈ। ਨੌਕਰਾਣੀ ਨੂੰ 10 ਦਿਨ ਪਹਿਲਾਂ ਦਿੱਲੀ ਤੋਂ ਬੁਲਾ ਕੇ ਰੱਖਿਆ ਗਿਆ ਸੀ। ਉਸ ਦੀ ਪੁਲੀਸ ਵੈਰੀਫਿਕੇਸ਼ਨ ਵੀ ਨਹੀਂ ਹੋਈ ਸੀ। ਵੀਆਈਪੀ ਸੈਕਟਰ ਵਿੱਚ ਵਾਪਰੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਕਈ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਪੁੱਛਗਿੱਛ ਕੀਤੀ।
ਪੁਲਿਸ ਨੇ ਮਾਮਲਾ ਦਰਜ ਕਰਕੇ ਨੌਕਰਾਣੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਐਤਵਾਰ ਸ਼ਾਮ ਪੁਲਸ ਨੂੰ ਸੂਚਨਾ ਮਿਲੀ ਕਿ ਸੈਕਟਰ-10 ਸਥਿਤ ਇਕ ਘਰ ‘ਚ ਚੋਰੀ ਹੋ ਗਈ ਹੈ। ਮਕਾਨ ਮਾਲਕ ਅਰੁਣ ਕੰਸਟਰੱਕਸ਼ਨ ਦਾ ਕੰਮ ਕਰਦਾ ਹੈ ਅਤੇ ਆਪਣੀ ਪਤਨੀ ਅਤੇ ਪੁੱਤਰ ਨਾਲ ਰਹਿੰਦਾ ਹੈ। ਘਟਨਾ ਵੇਲੇ ਉਹ ਆਪਣੇ ਪੁੱਤਰ ਨਾਲ ਕਿਤੇ ਬਾਹਰ ਗਿਆ ਹੋਇਆ ਸੀ। ਇਸ ਦੌਰਾਨ ਨੌਕਰਾਣੀ ਨੇ ਮਕਾਨ ਮਾਲਕਣ ਨੂੰ ਖਾਣੇ ‘ਚ ਬੇਹੋਸ਼ ਕਰਨ ਵਾਲੀ ਦਵਾਈ ਮਿਲਾ ਕੇ ਦਿੱਤੀ, ਜਿਸ ਕਰਕੇ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਨੌਕਰਾਣੀ ਘਰ ‘ਚ ਰੱਖੀ ਕਰੀਬ 15 ਲੱਖ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਈ।
ਜਦੋਂ ਅਰੁਣ ਘਰ ਪਹੁੰਚਿਆ ਤਾਂ ਮਾਮਲਾ ਸਾਹਮਣੇ ਆਇਆ। ਸੂਚਨਾ ਮਿਲਣ ‘ਤੇ ਪੁਲਿਸ ਪਹੁੰਚ ਗਈ। ਜਾਂਚ ‘ਚ ਪਤਾ ਲੱਗਾ ਕਿ ਨੌਕਰਾਣੀ ਨੂੰ ਕਰੀਬ 10 ਦਿਨ ਪਹਿਲਾਂ ਹੀ ਨੌਕਰੀ ‘ਤੇ ਰੱਖਿਆ ਗਿਆ ਸੀ। ਉਸ ਨੂੰ ਦਿੱਲੀ ਦੇ ਕਿਸੇ ਜਾਣਕਾਰ ਬੰਦੇ ਰਾਹੀਂ ਚੰਡੀਗੜ੍ਹ ਬੁਲਾਇਆ ਗਿਆ ਸੀ। ਉਸ ਦੀ ਪੁਲਿਸ ਵੈਰੀਫਿਕੇਸ਼ਨ ਅਜੇ ਤੱਕ ਨਹੀਂ ਹੋਈ ਸੀ। ਅਰੁਣ ਦੀ ਸ਼ਿਕਾਇਤ ‘ਤੇ ਪੁਲਿਸ ਨੌਕਰਾਣੀ ਨੂੰ ਫੜਨ ਲਈ ਚੰਡੀਗੜ੍ਹ ਅਤੇ ਹੋਰ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ : ਵੜਿੰਗ ਦਾ ਐਕਸ਼ਨ, ਪਿਰਮਲ ਸਿੰਘ ਧੌਲਾ ਨੂੰ ਪਾਰਟੀ ਤੋਂ ਕੱਢਿਆ ਬਾਹਰ, ‘ਆਪ’ ਛੱਡ ਆਏ ਸਨ ਕਾਂਗਰਸ ‘ਚ
ਦੱਸ ਦਈਏ ਕਿ ਚੰਡੀਗੜ੍ਹ ‘ਚ ਹੁਣ ਤੱਕ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ‘ਚ ਲੋਕਾਂ ਨੇ ਬਿਨਾਂ ਪੁਲਿਸ ਵੈਰੀਫਿਕੇਸ਼ਨ ਦੇ ਨੌਕਰ ਰੱਖ ਲਏ ਅਤੇ ਕੁਝ ਦਿਨਾਂ ਬਾਅਦ ਉਹ ਚੋਰੀ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਪੁਲਿਸ ਵੀ ਲਗਾਤਾਰ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਬਿਨਾਂ ਤਸਦੀਕ ਕੀਤੇ ਨੌਕਰ ਨਾ ਰੱਖਣ।
ਇਹਨਾਂ ਚੀਜ਼ਾਂ ਦਾ ਧਿਆਨ ਰੱਖੋ
- ਨੌਕਰਾਂ ਅਤੇ ਨੌਕਰਾਣੀਆਂ ਨੂੰ ਨੌਕਰੀ ‘ਤੇ ਰੱਖਣ ਤੋਂ ਪਹਿਲਾਂ, ਉਨ੍ਹਾਂ ਤੋਂ ਪੂਰੀ ਜਾਣਕਾਰੀ ਪ੍ਰਾਪਤ ਕਰੋ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਵੀ ਜਾਣਕਾਰੀ ਇਕੱਠੀ ਕਰੋ। ਨੌਕਰ ਦੇ ਪਿੰਡ, ਗੁਆਂਢੀ ਦੇ ਨਾਮ ਅਤੇ ਦੋਸਤਾਂ ਬਾਰੇ ਵੀ ਜਾਣਕਾਰੀ ਰੱਖੋ।
- ਸਬੰਧਤ ਥਾਣੇ ਵਿੱਚ ਨੌਕਰ ਅਤੇ ਨੌਕਰਾਣੀ ਬਾਰੇ ਪੂਰੀ ਜਾਣਕਾਰੀ ਦਿਓ, ਤਸਦੀਕ ਕਰਵਾਓ।
- ਨੌਕਰ ਦੇ ਦੋਸਤਾਂ ਨੂੰ ਘਰ ਵਿੱਚ ਵੜਨ ਨਾ ਦਿਓ। ਘਰ ਵਿਚ ਵੀ ਨੌਕਰ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖੋ।
- ਉਨ੍ਹਾਂ ਨੂੰ ਕਦੇ ਵੀ ਕੀਮਤੀ ਚੀਜ਼ਾਂ ਬਾਰੇ ਜਾਣਕਾਰੀ ਨਾ ਦਿਓ।
ਵੀਡੀਓ ਲਈ ਕਲਿੱਕ ਕਰੋ -: