ਦੀਵਾਲੀ ਨੇੜੇ ਹਰ ਸਾਲ ਦਿੱਲੀ/ਐੱਨਸੀਆਰ ਦੀ ਹਵਾ ਵਿਚ ਪ੍ਰਦੂਸ਼ਣ ਵਧ ਜਾਂਦਾ ਹੈ। ਪ੍ਰਦੂਸ਼ਣ ਵਧਣ ਦੇ ਪਿੱਛੇ ਦਾ ਕਾਰਨ ਪੰਜਾਬ ਵਿਚ ਝੋਨੇ ਦੀ ਫਸਲ ਦੇ ਬਾਅਦ ਸਾੜੀ ਜਾਣ ਵਾਲੀ ਪਰਾਲੀ ਨੂੰ ਦਸਿਆ ਜਾਂਦਾ ਹੈ।
ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨੂੰ ਸਾੜਣ ਤੋਂ ਰੋਕਣ ਲਈ ਸੂਬਾ ਸਰਕਾਰ ਕਈ ਸਹੂਲਤਾਂ ਵੀ ਮੁਹੱਈਆ ਕਰਾਉਂਦੀ ਹੈ। ਹੁਣ ਪੰਜਾਬ ਸਰਕਾਰ ਨੇ ਪਰਾਲੀ ਦੇ ਸਥਾਈ ਉਪਾਅ ਲਈ ਜਰਮਨੀ ਦੀ ਕੰਪਨੀ ਦਾ ਸਹਿਯੋਗ ਲਿਆ ਹੈ ਜੋ ਪਰਾਲੀ ਨਾਲ ਬਾਇਓਫਿਊਲ ਬਣਾਉਣ ਦੀ ਦਿਸ਼ਾ ਵਿਚ ਕੰਮ ਕਰੇਗੀ। ਇਸ ਨਾਲ ਨਾ ਸਿਰਫ ਪਰਾਲੀ ਸਾੜਨ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਨਾਲ ਹੀ ਦੇਸ਼ ਨੂੰ ਬਾਇਓਫਿਊਲ ਦੇ ਰੂਪ ‘ਚ ਬਾਇਓਮੀਥੇਲ ਤੇ ਬਾਇਓਸੀਐੱਨਜੀ ਵੀ ਮਿਲੇਗੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਰਮਨੀ ਦੀ ਮੁੱਖ ਕੰਪਨੀ ਵਰਬੀਓ ਗਰੁੱਪ ਨੂੰ ਸੂਬੇ ਨਾਲ ਨਵੀਨੀਕਰਨ ਊਰਜਾ ਦੇ ਖੇਤਰ ਵਿਚ ਭਵਿੱਖ ਵਿਚ ਸਹਿਯੋਗ ਦੇ ਮੌਕੇ ਭਾਲਣ ਲਈ ਕਿਹਾ ਹੈ।ਇਸੇ ਨੂੰ ਲੈ ਕੇ ਮੁੱਖ ਮੰਤਰੀ ਨੇ ਆਪਣੇ ਬਰਲਿਨ ਦੌਰੇ ਦੌਰਾਨ ਵਰਬੀਓ ਵੇਰੀਨਿਗਟ ਬਾਇਓ ਐਨਰਜੀ ਏਜੀ ਦੇ ਸੰਸਥਾਪਕ ਤੇ ਸੀਈਓ ਕਲੌਸ ਸੌਟਰ ਨਾਲ ਮੁਲਾਕਾਤ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵਰਬੀਓ ਗਰੁੱਪ ਦਾ ਸੂਬੇ ਨਾਲ ਮਜ਼ਬੂਤ ਰਿਸ਼ਤਾ ਹੈ, ਕਿਉਂਕਿ ਇਸ ਦੀ ਭਾਰਤੀ ਸਹਾਇਕ ਕੰਪਨੀ ਵਰਬੀਓ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਹਾਲ ਹੀ ਵਿੱਚ ਭਾਰਤ ਵਿੱਚ ਸਭ ਤੋਂ ਵੱਡੇ ਬਾਇਓਫਿਊਲ (ਬਾਇਓਮੀਥੇਨ/ਬਾਇਓ-ਸੀਐਨਜੀ) ਉਤਪਾਦਨ ਯੂਨਿਟਾਂ ਵਿੱਚੋਂ ਇੱਕ 33 ਟੀ.ਪੀ.ਡੀ. (ਟਨ ਪ੍ਰਤੀ ਦਿਨ) ਦੀ ਸਮਰੱਥਾ ਵਾਲਾ ਬਾਇਓ-ਸੀ.ਐਨ.ਜੀ. ਪ੍ਰਾਜੈਕਟ ਸੰਗਰੂਰ ਵਿਖੇ ਚਾਲੂ ਕੀਤਾ ਹੈ ।
ਉਨ੍ਹਾਂ ਕਿਹਾ ਕਿ 80,000 ਕਿਊਬਕ ਮੀਟਰ ਪ੍ਰਤੀ ਦਿਨ ਦੀ ਸਮਰੱਥਾ ਵਾਲਾ ਬਾਇਓ-ਸੀਐਨਜੀ ਪ੍ਰੋਜੈਕਟ ਬਾਇਓਗੈਸ ਪੈਦਾ ਕਰੇਗਾ, ਜੋ ਪਰਾਲੀ ਸਾੜਨ ਦੀ ਸਮੱਸਿਆ ਨੂੰ ਹੱਲ ਕਰਨ ਦਾ ਵਧੀਆ ਤਰੀਕਾ ਹੈ। ਭਗਵੰਤ ਮਾਨ ਨੇ ਸੂਬੇ ਵਿੱਚ ਉਦਯੋਗਿਕ ਵਾਤਾਵਰਣ ਦੇ ਵਿਕਾਸ ਲਈ ਆਪਣੇ ਏਜੰਡੇ ਅਤੇ ਨੀਤੀਆਂ ਨੂੰ ਸਾਂਝਾ ਕਰਦੇ ਹੋਏ ਵਰਬੀਓ ਗਰੁੱਪ ਨੂੰ ਪੰਜਾਬ ਨਾਲ ਆਪਣੀ ਸਾਂਝ ਵਧਾਉਣ ਅਤੇ ਸੂਬੇ ਵਿੱਚ ਹੋਰ ਕਾਰੋਬਾਰ ਸਥਾਪਤ ਕਰਨ ਦਾ ਸੱਦਾ ਦਿੱਤਾ।