ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਮੁਹਿੰਮ ਤਹਿਤ ਪੰਚਾਇਤ ਸਠਿਆਲੀ, ਜ਼ਿਲ੍ਹਾ ਗੁਰਦਾਸਪੁਰ ਦੇ ਫੰਡਾਂ ਦੀ ਹੇਰਾਫੇਰੀ ਕਰਨ ਦੇ ਦੋਸ਼ ਵਿੱਚ ਸਾਬਕਾ ਸਰਪੰਚ ਅਤੇ ਪੰਚਾਇਤ ਸਕੱਤਰ ਬਲਾਕ ਕਾਹਨੂੰਵਾਨ ਵਿਰੁੱਧ ਕੇਸ ਦਰਜ ਕਰਕੇ ਸਾਬਕਾ ਸਰਪੰਚ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇੱਕ ਹੋਰ ਮਾਮਲੇ ਵਿੱਚ ਵਿਜੀਲੈਂਸ ਨੇ ਬਲਜਿੰਦਰ ਕੁਮਾਰ ਕਾਨੂੰਗੋ ਤਹਿਸੀਲ ਖਮਾਣੋਂ ਅਤੇ ਆਪਣੇ ਸੈਂਟਰ ਦੇ ਇੱਕ ਨਿੱਜੀ ਵਿਅਕਤੀ ਸਤਪਾਲ ਸਿੰਘ ਸੱਤਾ ਵਾਸੀ ਭੈਣੀ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਵੱਲੋਂ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸਾਲ 2013 ਤੋਂ 2018 ਤੱਕ ਗ੍ਰਾਮ ਪੰਚਾਇਤ ਸਠਿਆਲੀ ਦੇ ਵਿਕਾਸ ਕਾਰਜਾਂ ਲਈ ਸਰਕਾਰ ਵੱਲੋਂ ਮਿਲੀ ਗ੍ਰਾਂਟ ਦੀ ਰਾਸ਼ੀ ਅਤੇ ਪੰਚਾਇਤੀ ਫੰਡ ਵਿੱਚੋਂ 20,08,602 ਰੁਪਏ ਦਾ ਗਬਨ ਕੀਤਾ ਗਿਆ। ਇਸ ਮਾਮਲੇ ਵਿੱਚ ਵਿਜੀਲੈਂਸ ਨੇ ਮੁਲਜ਼ਮ ਸਤਨਾਮ ਸਿੰਘ ਸਾਬਕਾ ਸਰਪੰਚ ਪਿੰਡ ਸਠਿਆਲੀ ਅਤੇ ਸੁਖਦੇਵ ਸਿੰਘ ਪੰਚਾਇਤ ਸਕੱਤਰ ਬਲਾਕ ਕਾਹਨੂੰਵਾਨ, ਜ਼ਿਲ੍ਹਾ ਗੁਰਦਾਸਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਬੁਲਾਰੇ ਨੇ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਜਰਨੈਲ ਸਿੰਘ ਨਾਂ ਦੇ ਬੰਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਬਲਜਿੰਦਰ ਕੁਮਾਰ ਕਾਨੂੰਨਗੋ ਨੇ ਆਪਣੇ ਏਜੰਟ ਸਤਪਾਲ ਸਿੰਘ ਸੱਤਾ ਰਾਹੀਂ ਪਿੰਡ ਬਿਲਾਸਪੁਰ ਵਿੱਚ ਖਰੀਦੀ ਜ਼ਮੀਨ ਦੀ ਤਕਸੀਮ ਅਤੇ ਮਿਣਤੀ ਕਰਵਾਉਣ ਬਦਲੇ 10,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਗੱਡੀ ਚੋਰ ਨੂੰ ਲਭਦਿਆਂ ਪੁਲਿਸ ਹੱਥ ਲੱਗੇ ਲਗਜ਼ਰੀ ਕਾਰਾਂ ਸਣੇ ਅੰਤਰਰਾਜੀ ਗਿਰੋਹ ਦੇ 2 ਮੈਂਬਰ
ਉਸ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਾਇਆ ਕਿ ਉਕਤ ਕਾਨੂੰਗੋ ਉਸ ਤੋਂ ਪਹਿਲਾਂ ਵੀ 3000 ਰੁਪਏ ਰਿਸ਼ਵਤ ਲੈ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਵੱਲੋਂ ਤਫ਼ਤੀਸ਼ ਤੋਂ ਬਾਅਦ ਦੋਵਾਂ ਮੁਲਜ਼ਮਾਂ ਖ਼ਿਲਾਫ਼ ਪਟਿਆਲਾ ਵਿਜੀਲੈਂਸ ਬਿਊਰੋ ਦੇ ਥਾਣੇ ਵਿੱਚ ਕੇਸ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: