ਲੁਧਿਆਣਾ ‘ਚ ਬਜ਼ੁਰਗ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਬਜ਼ੁਰਗ ਆਪਣੇ ਪੋਤੇ ਰਿਸ਼ਭ (9) ਨਾਲ ਆ ਰਿਹਾ ਸੀ। ਕਾਰ ਸਵਾਰ ਨੌਜਵਾਨ ਉਥੋਂ ਲੰਘ ਰਹੇ ਸਨ, ਉਹ ਬੱਚੇ ਦੇ ਪੈਰਾਂ ‘ਤੇ ਕਾਰ ਦਾ ਟਾਇਰ ਚੜਾਉਣ ਲਗੇ ਸੀ।
ਬੱਚੇ ਨੇ ਆਪਣੇ ਦਾਦਾ ਨੂੰ ਦੱਸਿਆ ਕਿ ਕਾਰ ਦਾ ਟਾਇਰ ਉਸ ਦੇ ਪੈਰਾਂ ‘ਤੇ ਚੜ ਜਾਣਾ ਸੀ, ਲੇਕਿਨ ਉਸਦਾ ਬਚਾਅ ਹੋ ਗਿਆ। ਦਾਦਾ ਨੇ ਨੌਜਵਾਨਾਂ ਨੂੰ ਕਿਹਾ ਕਿ ਗੱਡੀ ਧਿਆਨ ਨਾਲ ਚਲਾਉਣ, ਟਾਇਰ ਬੱਚੇ ਦੇ ਪੈਰਾਂ ‘ਤੇ ਚੜ੍ਹ ਜਾਣਾ ਸੀ। ਬਜ਼ੁਰਗ ਦੇ ਬੋਲਣ ‘ਤੇ ਬਦਮਾਸ਼ ਹੇਠਾਂ ਉਤਰ ਗਏ ਅਤੇ ਬਜ਼ੁਰਗ ਨੂੰ ਗਾਲ੍ਹਾਂ ਕੱਢਣ ਲੱਗੇ। ਬਦਮਾਸ਼ਾਂ ਨੇ ਬਜ਼ੁਰਗ ਦੀ ਛਾਤੀ ‘ਤੇ ਕਈ ਮੁੱਕੇ ਮਾਰੇ। ਜਦੋਂ ਬਜ਼ੁਰਗ ਨੇ ਵਿਰੋਧ ਕੀਤਾ ਅਤੇ ਰੌਲਾ ਪਾਇਆ ਤਾਂ ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।
ਇਸ ਕਾਰਨ ਬਜ਼ੁਰਗ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਦੀ ਪਛਾਣ ਸੁਰਿੰਦਰ ਅਰੋੜਾ ਉਰਫ਼ ਸ਼ਾਮ ਲਾਲ ਵਾਸੀ ਰਾੜੀ ਮੁਹੱਲਾ ਨੀਮ ਵਾਲਾ ਚੌਕ ਵਜੋਂ ਹੋਈ ਹੈ। ਸ਼ਾਮ ਲਾਲ ਇਨਵਰਟਰ ਵਪਾਰੀ ਹੈ। ਸ਼ਾਮ ਲਾਲ ਨੂੰ ਗੰਭੀਰ ਹਾਲਤ ‘ਚ ਚੰਡੀਗੜ੍ਹ ਰੋਡ ‘ਤੇ ਸਥਿਤ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸ਼ਾਮ ਲਾਲ ਦੀ ਲਾਸ਼ ਨੂੰ ਪੁਲੀਸ ਨੇ ਕਬਜ਼ੇ ‘ਚ ਲੈ ਕੇ ਹਸਪਤਾਲ ਪਹੁੰਚਾਇਆ ਪਰ ਅੱਜ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰੱਖਿਆ ਜਾਵੇਗਾ। ਥਾਣਾ ਡਿਵੀਜ਼ਨ ਨੰਬਰ 3 ਦੇ ਐਸਐਚਓ ਸੁਖਦੇਵ ਸਿੰਘ ਮੌਕੇ ’ਤੇ ਪੁੱਜੇ। ਐਸਐਚਓ ਸੁਖਦੇਵ ਸਿੰਘ ਅਨੁਸਾਰ ਕਾਰ ਵਿੱਚ ਕਰੀਬ 4 ਨੌਜਵਾਨ ਸਵਾਰ ਸਨ। ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।