ਚੰਡੀਗੜ੍ਹ /ਨਵੀਂ ਦਿੱਲੀ : ਪੰਥਕ ਤੇ ਪੰਜਾਬ ਦੀ ਰਾਜਨੀਤੀ ਵਿਚ ਵਾਪਰੇ ਅਹਿਮ ਧਾਰਮਿਕ ਤੇ ਰਾਜਨੀਤਕ ਘਟਨਾਕ੍ਰਮ ਵਿਚ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੀ ਅਕਾਲੀ ਦਲ ਦਿੱਲੀ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਰਲੇਵਾਂ ਹੋ ਗਿਆ।
ਇਸ ਘਟਨਾਕ੍ਰਮ ਨੂੰ ਸਿੱਖ ਤੇ ਪੰਜਾਬ ਦੀ ਰਜਨੀਤੀ ਵਿਚ ਅਹਿਮ ਮੋੜ ਤੇ ਧਾਰਮਿਕ ਤੇ ਸਿਆਸੀ ਤੌਰ ’ਤੇ ਖੇਡ ਬਦਲਣ ਵਾਲਾ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ. ਪਰਮਜੀਤ ਸਿੰਘ ਸਰਨਾ ਨੂੰ ਪਾਰਟੀ ਦੀ ਇਕਾਈ ਦਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਅਤੇ ਉਨ੍ਹਾਂ ਨੂੰ ਪੰਥ ਨੂੰ ਇਕ ਪੰਥਕ ਝੰਡੇ ਥੱਲੇ ਇਕਜੁੱਟ ਕਰਨ ਵਾਸਤੇ ਮੁਹਿੰਮ ਵਿੱਢਣ ਵਾਸਤੇ ਆਖਿਆ।
ਇਸ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਸਰਨਾ ਨੂੰ ਆਖਿਆ ਕਿ ਉਹ ਹੋਰ ਰਾਜਾਂ ਵਿਚ ਪਾਰਟੀ ਦੀਆਂ ਇਕਾਈਆਂ ਸਥਾਪਿਤ ਕਰਨ। ਉਨ੍ਹਾਂ ਨੇ ਸਿੱਖ ਕੌਮ ਦੇ ਗੱਦਾਰਾਂ ਤੇ ਕਾਲੀਆਂ ਭੇਡਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਅੱਜ ਦੇ ਘਟਨਾਕ੍ਰਮ ਨਾਲ ਅਜਿਹੇ ਲੋਕਾਂ ਤੇ ਉਹਨਾਂ ਦੇ ਸਿਆਸੀ ਆਕਾਵਾਂ ਦਾ ਭੋਗ ਪੈਣ ਦਾ ਸਬੱਬ ਬਣ ਗਿਆ ਹੈ।
ਆਪਣੇ ਸਖ਼ਤ ਸ਼ਬਦਾਂ ਦੇ ਭਾਸ਼ਣ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਥ ਦੇ ਉਹਨਾਂ ਗੱਦਾਰਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਜੋ ਸਿੱਖੀ ਬਾਣਾ ਪਾ ਕੇ ਸਿੱਖ ਕੌਮ ਦੇ ਵਿਰੋਧੀਆਂ ਨਾਲ ਰਲ ਕੇ ਸਿੱਖ ਵਿਰੋਧੀ ਸਾਜ਼ਿਸ਼ਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਪੰਥਕ ਇਕੱਤਰਤਾ ਨੇ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਨੁੰ ਮਾਤ ਦੇਣ ਲਈ ਪੰਥਕ ਸੁਰਜੀਤੀ ਦਾ ਸੰਕੇਤ ਦੇ ਦਿੱਤਾ ਹੈ।
ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਦੋਫਾੜ ਕਰਨ ਉਹਨਾਂ ਨੇ ਸਰਦਾਰ ਪਰਮਜੀਤ ਸਿੰਘ ਸਰਨਾ ਅਤੇ ਸਰਦਾਰ ਹਰਵਿੰਦਰ ਸਿੰਘ ਸਰਨਾ ਤੇ ਉਹਨਾਂ ਦੀ ਸਮੁੱਚੀ ਟੀਮ ਤੇ ਸਮਰਥਕਾਂ ਵੱਲੋਂ ਇਸ ਕਾਰਜ ਵਾਸਤੇ ਡਟਵੀਂ ਹਮਾਇਤ ਲਈ ਧੰਨਵਾਦ ਕੀਤਾ।
ਸ. ਬਾਦਲ ਨੇ ਕਿਹਾ ਕਿ ਸੰਕਟ ਦੇ ਸਮਿਆਂ ਨੇ ਹਮੇਸ਼ਾ ਖਾਲਸਾ ਪੰਥ ਨੂੰ ਇਕਜੁੱਟ ਤੇ ਮਜ਼ਬੂਤ ਕੀਤਾ ਹੈ। ਉਹਨਾਂ ਕਿਹਾ ਕਿ ਅੱਜ ਖਾਲਸਾ ਪੰਥਕ ਤੇ ਇਸਦੀਆਂ ਪੰਥਕ ਤੇ ਇਤਿਹਾਸਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਤੇ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਨੂੰ ਮਾਨਤਾ ਦੇ ਕੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਬਾਹਰੀ ਹਮਲਿਆਂ ਤੇ ਅੰਦਰੂਨੀ ਗੱਦਾਰਾਂ ਦੀਆਂ ਸਾਜ਼ਿਸ਼ਾਂ ਨੂੰ ਮਾਤ ਪਾਉਣ ਵਾਸਤੇ ਪੰਥਕ ਏਕਾ ਸਮੇਂ ਦੀ ਲੋੜ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਉਹਨਾਂ ਨੇ ਕਦੇ ਵੀ ਅਕਾਲੀ ਦਲ ਨਹੀਂ ਛੱਡਿਆ ਅਤੇ ਉਹ ਹੁਣ ਵੀ ਪਾਰਟੀ ਦੇ ਵਫਾਦਾਰ ਸਿਪਾਹੀ ਹਨ। ਉਹਨਾਂ ਕਿਹਾ ਕਿ ਉਹਨਾਂ ਹਮੇਸ਼ਾ ਪੰਥ ਦੇ ਭਲੇ ਵਾਸਤੇ ਕੰਮ ਕੀਤਾ ਅਤੇ ਉਹਨਾਂ ਨੂੰ ਸੌਂਪੀ ਗਈ ਨਵੀਂ ਜ਼ਿੰਮੇਵਾਰੀ ਨਿਭਾਉਂਦਿਆਂ ਅਜਿਹਾ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਜਿਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੜੀਆਂ ਤੇ ਜਿੱਤੀਆਂ ਤੇ ਫਿਰ ਗੱਦਾਰੀ ਕੀਤੀ, ਉਹ ਹੁਣ ਵੀ ਪੰਥ ਤੇ ਗੁਰੂ ਸਾਹਿਬ ਤੋਂ ਭੁੱਲ ਬਖਸ਼ਾ ਲੈਣ ਤੇ ਆਪਣੀ ਮਾਂ ਪਾਰਟੀ ਵਿਚ ਵਾਪਸ ਆ ਜਾਣ।
ਇਹ ਵੀ ਪੜ੍ਹੋ : CM ਮਾਨ ਦੇ ਘਰ ਮੂਹਰੇ ਕਿਸਾਨਾਂ ਨੇ ਲਾਇਆ ਪੱਕਾ ਮੋਰਚਾ, ਔਰਤਾਂ ਸਣੇ ਹਜ਼ਾਰਾਂ ਨੌਜਵਾਨ, ਲੰਗਰ ਹੋ ਰਹੇ ਤਿਆਰ
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਰਦਾਰ ਬਲਵਿੰਦਰ ਸਿੰਘ ਭੂੰਦੜ, ਪ੍ਰੋਂ ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਸਰਦਾਰ ਸੁਖਵਿੰਦਰ ਸਿੰਘ ਬੱਬਰ, ਸਰਦਾਰ ਗੁਰਮੀਤ ਸਿੰਘ ਸ਼ੰਟੀ, ਬੀਬੀ ਰਣਜੀਤ ਕੌਰ ਤੇ ਹੋਰਨਾਂ ਨੇ ਵੀ ਵਿਚਾਰ ਪ੍ਰਗਟ ਕੀਤੇ।
ਵੀਡੀਓ ਲਈ ਕਲਿੱਕ ਕਰੋ -: