ਓਡਿਸ਼ਾ ਤੋਂ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ। ਇੱਕ ਬੰਦੇ ਨੇ ਆਪਣੀ ਬੁੱਢੀ ਮਾਂ ਦਾ ਸਿਰਫ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਸ ਨੇ ਆਂਡਾ ਕਰੀ ਬਣਾਉਣ ਤੋਂ ਇਨਕਾਰ ਕੀਤਾ ਸੀ। ਘਟਨਾ ਓਡੀਸ਼ਾ ਦੇ ਗੰਜਮ ਦੀ ਹੈ। 50 ਸਾਲਾਂ ਤ੍ਰਿਬੇਣੀ ਨਾਇਕ ਦੁਸਹਿਰੇ ‘ਤੇ ਆਪਣੇ ਬੇਟੇ ਕੋਲ ਆਈ ਹੋਈ ਸੀ। ਪੁੱਤਰ ਸਨਾਤਨ ਸ਼ਰਾਬ ਪੀ ਕੇ ਘਰ ਪਰਤਿਆ ਅਤੇ ਤ੍ਰਿਬੇਣੀ ਨੂੰ ਆਂਡਾ ਕਰੀ ਬਣਾਉਣ ਲਈ ਕਿਹਾ। ਜਦੋਂ ਤ੍ਰਿਬੇਣੀ ਨੇ ਮਨ੍ਹਾ ਕੀਤਾ ਤਾਂ ਸਨਾਤਨ ਨੇ ਉਸ ਦਾ ਸਿਰ ਕੰਧ ਵਿੱਚ ਦੇ ਮਾਰਿਆ।
ਰੌਲਾ ਸੁਣ ਕੇ ਗੁਆਂਢੀ ਵੀ ਆਏ ਪਰ ਸਨਾਤਨ ਦੇ ਸਿਰ ‘ਤੇ ਖੂਨ ਸਵਾਰ ਵੇਖ ਕੇ ਕੋਈ ਵੀ ਉਸ ਨੂੰ ਰੋਕ ਨਾ ਸਕਿਆ। ਬਾਅਦ ‘ਚ ਸਨਾਤਨ ਨੇ ਤ੍ਰਿਬੇਣੀ ਦੇ ਸਿਰ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਮੁਤਾਬਕ ਤਰਸਿੰਗ ਥਾਣਾ ਖੇਤਰ ਦੇ ਪਿੰਡ ਗਜਾਪਦਾਰ ਦੀ ਰਹਿਣ ਵਾਲੀ ਤ੍ਰਿਬੇਣੀ ਕੁਝ ਸਾਲ ਪਹਿਲਾਂ ਆਪਣੇ ਬੇਟੇ ਸਨਾਤਨ ਵੱਲੋਂ ਤੰਗ-ਪ੍ਰੇਸ਼ਾਨ ਕਰਕੇ ਘਰ ਛੱਡ ਕੇ ਚਲੀ ਗਈ ਸੀ। ਉਹ ਆਂਧਰਾ ਪ੍ਰਦੇਸ਼ ਵਿੱਚ ਇੱਕ ਝੀਂਗਾ ਪ੍ਰੋਸੈਸਿੰਗ ਫੈਕਟਰੀ ਵਿੱਚ ਕੰਮ ਕਰਦੀ ਸੀ। ਸਨਾਤਨ ਦੀ ਪਤਨੀ ਨੇ ਵੀ ਗੁੱਸੇ ਅਤੇ ਤਸ਼ੱਦਦ ਕਰਕੇ ਉਸ ਨੂੰ ਛੱਡ ਦਿੱਤਾ ਸੀ। ਉਹ ਆਪਣੇ ਪੇਕੇ ਘਰ ਰਹਿ ਰਹੀ ਹੈ।
ਦੁਸਹਿਰੇ ਕਰਕੇ ਤ੍ਰਿਬੇਣੀ ਆਪਣੇ ਪਿੰਡ ਗਜਾਪਦਾਰ ਆਈ ਹੋਈ ਸੀ। ਉਹ ਆਪਣੇ ਪੁੱਤਰ ਕੋਲ ਰਹੀ। ਸ਼ੁੱਕਰਵਾਰ ਸ਼ਾਮ ਸਨਾਤਨ ਨੇ ਆਪਣੀ ਮਾਂ ਨੂੰ ਰਾਤ ਦੇ ਖਾਣੇ ਲਈ ਆਂਡਾ ਕਰੀ ਬਣਾਉਣ ਲਈ ਕਿਹਾ ਅਤੇ ਸ਼ਰਾਬ ਲੈਣ ਲਈ ਬਾਹਰ ਚਲਾ ਗਿਆ। ਜਦੋਂ ਉਹ ਵਾਪਸ ਆਇਆ ਤਾਂ ਉਹ ਨਸ਼ੇ ਵਿੱਚ ਸੀ। ਉਸ ਨੇ ਆਪਣੀ ਮਾਂ ਨੂੰ ਇੰਨਾ ਕੁੱਟਿਆ ਕਿ ਉਹ ਬੇਹੋਸ਼ ਹੋ ਗਈ।
ਇਹ ਵੀ ਪੜ੍ਹੋ : ਜ਼ਮੀਨ ਲਈ ਖੂਨ ਹੋਇਆ ਪਾਣੀ, ਪੰਜਾਬ ਪੁਲਿਸ ਦੇ ਥਾਣੇਦਾਰ ਨੇ ਸਕੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ
ਘਟਨਾ ਦੀ ਸੂਚਨਾ ਮਿਲਦੇ ਹੀ ਤਰਸੰਗ ਥਾਣੇ ਦੀ ਟੀਮ ਸ਼ਨੀਵਾਰ ਸਵੇਰੇ ਸਨਾਤਨ ਦੇ ਘਰ ਪਹੁੰਚੀ। ਉਨ੍ਹਾਂ ਤ੍ਰਿਬੇਣੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਕਤਲ ਵਿੱਚ ਵਰਤੀ ਗਈ ਰਾਡ ਮੌਕੇ ਤੋਂ ਜ਼ਬਤ ਕਰ ਲਈ ਗਈ ਹੈ। ਆਈਆਈਸੀ ਪ੍ਰਦੀਪਤਾ ਕੁਮਾਰ ਦਾਸ ਨੇ ਦੱਸਿਆ ਕਿ ਪੁਲਿਸ ਨੇ ਸਨਾਤਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਸ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: