ਬੀਤੇ ਦਿਨ ਐਸ.ਟੀ.ਐੱਫ. ਵੱਲੋਂ ਗੋਇੰਦਵਾਲ ਸਾਹਿਬ ਜੇਲ੍ਹ ਦੇ ਫੜੇ ਗਏ ਡਿਪਟੀ ਜੇਲ੍ਹਰ ਬਲਵੀਰ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਐਸ.ਟੀ.ਐਫ. ਵੱਲੋਂ ਬੀਤੇ ਦਿਨ ਖਡੂਰ ਸਹਿਬ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ, ਐਸ.ਟੀ.ਐਫ. ਵੱਲੋਂ ਅੱਜ ਮੁੜ ਬਲਵੀਰ ਸਿੰਘ ਨੂੰ ਮਾਮਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਮੰਗਿਆ ਗਿਆ ਪਰ ਅਦਾਲਤ ਨੇ ਰਿਮਾਂਡ ਨਾ ਦੇ ਕੇ ਬਲਵੀਰ ਸਿੰਘ ਜ਼ੁਡੀਸ਼ੀਅਲ ਹਿਰਾਸਤ ਲੈਂਦਿਆਂ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਭੇਜ ਦਿੱਤਾ ਹੈ।
ਇਸੇ ਜੇਲ੍ਹ ਵਿੱਚ ਬਲਵੀਰ ਸਿੰਘ ਜੇਲ੍ਹਰ ਵਜੋਂ ਤਾਇਨਾਤ ਰਿਹਾ ਹੈ ਅਤੇ ਡਿਊਟੀ ਦੌਰਾਨ ਗੈਗਸਟਰਾ ਕੋਲੋਂ ਮੋਟੀਆਂ ਰਕਮਾ ਲੈ ਕੇ ਉਨ੍ਹਾਂ ਨੂੰ ਜੇਲ੍ਹ ਅੰਦਰ ਮੋਬਾਈਲ ਫੋਨ ਉਪਲੱਬਧ ਕਰਵਾਉਂਦਾ ਰਿਹਾ ਹੈ।
ਦੱਸ ਦੇਈਏ ਕਿ ਅੰਮ੍ਰਿਤਸਰ ਐਸਟੀਐਫ ਨੇ ਤਰਨਤਾਰਨ ਦੀ ਗੋਇੰਦਵਾਲ ਸਾਹਿਬ ਜੇਲ੍ਹ ਦੇ ਡਿਪਟੀ ਸੁਪਰਡੈਂਟ ਬਲਬੀਰ ਸਿੰਘ ਨੂੰ ਉਸ ਦੇ ਛੇ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਹ ਹੁਣ ਤੱਕ ਕੈਦੀਆਂ ਤੋਂ ਨਸ਼ੀਲੇ ਪਦਾਰਥ ਅਤੇ ਮੋਬਾਈਲ ਸਪਲਾਈ ਕਰਨ ਦੇ ਲੱਖਾਂ ਰੁਪਏ ਬਰਾਮਦ ਕਰ ਚੁੱਕਾ ਹੈ। ਉਸ ਨੇ ਮੋਬਾਈਲ ਅਤੇ ਚਾਰਜ ਦੇ ਰੇਟ ਤੈਅ ਕੀਤੇ ਸਨ।
ਪੁੱਛਗਿੱਛ ਵਿੱਚ ਖੁਲਾਸਾ ਹੋਇਆ ਹੈ ਕਿ ਜੇਲ੍ਹ ਵਿੱਚ ਮੁਲਜ਼ਮ ਬਲਬੀਰ ਸਿੰਘ ਅਤੇ ਉਸ ਦੇ ਸਾਥੀ 2ਜੀ ਮੋਬਾਈਲ ਲਈ 10 ਹਜ਼ਾਰ, 4ਜੀ ਲਈ 40 ਹਜ਼ਾਰ ਅਤੇ ਚਾਰਜਰ ਲਈ 2 ਹਜ਼ਾਰ ਰੁਪਏ ਵਸੂਲਦੇ ਸਨ। ਸਹੂਲਤਾਂ ਲਈ ਬਦਨਾਮ ਕੈਦੀਆਂ ਤੋਂ 3 ਲੱਖ ਰੁਪਏ ਤੱਕ ਵਸੂਲੇ ਗਏ।
ਇਹ ਵੀ ਪੜ੍ਹੋ : ਗੈਂਗਸਟਰਾਂ ‘ਤੇ ਸ਼ਿਕੰਜਾ, ਲਾਰੈਂਸ ਦੇ ਕਰੀਬੀ ਕਾਲਾ ਜਠੇੜੀ ਦੀਆਂ 8 ਦੁਕਾਨਾਂ ‘ਤੇ ਚੱਲਿਆ ਬੁਲਡੋਜ਼ਰ
ਦੱਸਿਆ ਜਾਂਦਾ ਹੈ ਕਿ ਡਿਪਟੀ ਸੁਪਰਡੈਂਟ ਜੇਲ੍ਹ ਬਲਬੀਰ ਸਿੰਘ ਨੂੰ ਕਪੂਰਥਲਾ ਜੇਲ੍ਹ ਤੋਂ ਬਦਲ ਕੇ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਤਾਇਨਾਤ ਕੀਤਾ ਗਿਆ ਸੀ। ਕੁਝ ਮਹੀਨੇ ਪਹਿਲਾਂ ਵੀ ਇਸੇ ਜੇਲ੍ਹ ਵਿੱਚ ਇੱਕ ਸੁਰੱਖਿਆ ਗਾਰਡ ਬੀੜੀ ਦੇ ਬੰਡਲ ਵੇਚਦਾ ਫੜਿਆ ਗਿਆ ਸੀ। ਉਹ ਬੰਡਲਾਂ ਨੂੰ ਆਪਣੇ ਗੁਪਤ ਅੰਗ ਵਿੱਚ ਲੁਕਾ ਕੇ ਲਿਆਉਂਦਾ ਸੀ ਅਤੇ ਇੱਕ ਬੰਡਲ ਕਰੀਬ 300 ਰੁਪਏ ਵਿੱਚ ਵੇਚਦਾ ਸੀ। ਇਸ ਦੇ ਖੁਲਾਸੇ ਦੇ ਬਾਵਜੂਦ ਜੇਲ੍ਹ ਵਿੱਚ ਨਸ਼ੀਲੇ ਪਦਾਰਥਾਂ ਅਤੇ ਮੋਬਾਈਲਾਂ ਦੀ ਸਪਲਾਈ ਬੰਦ ਨਹੀਂ ਹੋਈ।
ਇਹ ਵੀ ਸ਼ੱਕ ਹੈ ਕਿ ਮੁਲਜ਼ਮ ਬਲਬੀਰ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਪ੍ਰਿਅਵ੍ਰਤਾ ਫੌਜੀ ਅਤੇ ਹੋਰ ਕੈਦੀਆਂ ਨੂੰ ਮੋਬਾਈਲ ਵੀ ਮੁਹੱਈਆ ਕਰਵਾਏ ਸਨ। ਗੋਇੰਦਵਾਲ ਸਾਹਿਬ ਹਾਈ-ਟੈਕ ਜੇਲ੍ਹ ਨਵੀਂ ਹੈ ਅਤੇ ਪਿਛਲੇ ਸਾਲ ਦਸੰਬਰ ਵਿੱਚ ਹੀ ਸ਼ੁਰੂ ਕੀਤੀ ਗਈ ਸੀ। ਜਦੋਂ ਤੋਂ ਇਹ ਜੇਲ੍ਹ ਸ਼ੁਰੂ ਹੋਈ ਹੈ, ਇੱਥੋਂ 700 ਤੋਂ ਵੱਧ ਮੋਬਾਈਲ ਬਰਾਮਦ ਕੀਤੇ ਜਾ ਚੁੱਕੇ ਹਨ। ਜਾਣਕਾਰੀ ਮੁਤਾਬਕ ਗੈਂਗਸਟਰ ਇੱਥੇ ਫੋਨ ਰਾਹੀਂ ਹੀ ਫਿਰੌਤੀ ਦਾ ਆਪਣਾ ਧੰਦਾ ਚਲਾ ਰਹੇ ਹਨ। ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਤੋਂ ਵੀ ਇਸੇ ਜੇਲ੍ਹ ਵਿੱਚੋਂ ਮੋਬਾਈਲ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।
ਵੀਡੀਓ ਲਈ ਕਲਿੱਕ ਕਰੋ -: