ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਫੋਨ ‘ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਸੁਨਕ ਨੂੰ ਪ੍ਰਧਾਨ ਮੰਤਰੀ ਬਣਨ ‘ਤੇ ਵਧਾਈ ਦਿੱਤੀ। ਇਸ ਦੌਰਾਨ ਮੋਦੀ ਨੇ ਭਾਰਤ-ਯੂਕੇ ਦੁਵੱਲੇ ਸਬੰਧਾਂ ਅਤੇ ਵਪਾਰ ਸਮਝੌਤੇ ‘ਤੇ ਚਰਚਾ ਕੀਤੀ। ਪੀਐਮਓ ਵੱਲੋਂ ਜਾਰੀ ਬਿਆਨ ਮੁਤਾਬਕ ਦੋਵਾਂ ਆਗੂਆਂ ਨੇ ਐਫਟੀਏ ਨੂੰ ਛੇਤੀ ਤੋਂ ਛੇਤੀ ਸਿੱਟੇ ’ਤੇ ਪਹੁੰਚਾਉਣ ਲਈ ਵਚਨਬੱਧਤਾ ਜਤਾਈ ਹੈ।
ਪੀ.ਐੱਮ. ਮੋਦੀ ਨੇ ਟਵੀਟ ਕਰਕੇ ਕਿਹਾ, ਅੱਜ ਰਿਸ਼ੀ ਸੁਨਕ ਨਾਲ ਗੱਲ ਕਰਕੇ ਖੁਸ਼ੀ ਹੋਈ। ਉਨ੍ਹਾਂ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ‘ਤੇ ਵਧਾਈ। ਅਸੀਂ ਆਪਣੀ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਾਂਗੇ। ਅਸੀਂ ਇੱਕ ਵਿਆਪਕ ਅਤੇ ਸੰਤੁਲਿਤ ਮੁਕਤ ਵਪਾਰ ਸਮਝੌਤੇ (FTA) ਦੇ ਛੇਤੀ ਸਿੱਟੇ ਦੇ ਮਹੱਤਵ ‘ਤੇ ਵੀ ਸਹਿਮਤ ਹੋਏ ਹਾਂ।
ਇਸ ਦੇ ਨਾਲ ਹੀ ਸੁਨਕ ਨੇ ਵੀ ਆਪਣੇ ਟਵੀਟ ‘ਚ ਕਿਹਾ, ਮੈਂ ਆਪਣੀ ਨਵੀਂ ਭੂਮਿਕਾ ‘ਤੇ ਉਨ੍ਹਾਂ ਦੇ ਸ਼ਬਦਾਂ ਲਈ ਪੀਐਮ ਮੋਦੀ ਦਾ ਧੰਨਵਾਦ ਕਰਦਾ ਹਾਂ। ਬ੍ਰਿਟੇਨ ਅਤੇ ਭਾਰਤ ਵਿੱਚ ਬਹੁਤ ਕੁਝ ਇਕੋ ਜਿਹਾ ਹੈ। ਮੈਂ ਉਤਸ਼ਾਹਿਤ ਹਾਂ ਕਿ ਸਾਡੇ ਦੋ ਮਹਾਨ ਲੋਕਤੰਤਰ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿੱਚ ਆਪਣੀ ਸੁਰੱਖਿਆ, ਰੱਖਿਆ ਅਤੇ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਗੇ।
ਦੱਸ ਦੇਈਏ ਕਿ ਬ੍ਰਿਟੇਨ ਦੇ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਨ੍ਹਾਂ ਦਾ ਪਰਿਵਾਰ 10 ਡਾਊਨਿੰਗ ਸਟ੍ਰੀਟ ਦੇ ਉੱਪਰ ਇੱਕ ਛੋਟੇ ਫਲੈਟ ਵਿੱਚ ਰਹਿਣ ਲਈ ਵਾਪਸ ਪਰਤਣਗੇ। ਸੁਨਕ ਦੇ ਬੁਲਾਰੇ ਨੇ ਕਿਹਾ ਕਿ ਉਹ ਉੱਥੇ ਬਹੁਤ ਖੁਸ਼ ਸਨ।
ਸਰਕਾਰ ਦੀ ਵੈੱਬਸਾਈਟ ਮੁਤਾਬਕ 10 ਡਾਊਨਿੰਗ ਸਟ੍ਰੀਟ 1735 ਤੋਂ ਬ੍ਰਿਟਿਸ਼ ਪ੍ਰਧਾਨ ਮੰਤਰੀਆਂ ਦੀ ਰਿਹਾਇਸ਼ ਰਹੀ ਹੈ। ਇੱਥੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ ਹੈ। ਇਹ ਉਹ ਥਾਂ ਵੀ ਹੈ ਜਿੱਥੇ ਵਿਸ਼ਵ ਨੇਤਾਵਾਂ ਤੋਂ ਲੈ ਕੇ ਸ਼ਾਹੀ ਪਰਿਵਾਰ ਤੱਕ ਦੇ ਮਹਿਮਾਨਾਂ ਦਾ ਸੁਆਗਤ ਕੀਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: