ਰਾਜਧਾਨੀ ਦਿੱਲੀ ‘ਚ ਆਟੋਰਿਕਸ਼ਾ ਅਤੇ ਟੈਕਸੀ ਦਾ ਸਫਰ ਹੋਰ ਮਹਿੰਗਾ ਹੋ ਗਿਆ ਹੈ। ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸੀਐਨਜੀ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਆਟੋਰਿਕਸ਼ਾ ਅਤੇ ਟੈਕਸੀ ਦੇ ਕਿਰਾਏ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇੱਕ ਸਰਕਾਰੀ ਬਿਆਨ ਮੁਤਾਬਕ ਦਿੱਲੀ ਸਰਕਾਰ ਨੇ ਆਟੋ-ਰਿਕਸ਼ਾ ਲਈ ਘੱਟੋ-ਘੱਟ ਕਿਰਾਏ ਵਿੱਚ 5 ਰੁਪਏ, ਏਸੀ ਅਤੇ ਨਾਨ-ਏਸੀ ਟੈਕਸੀਆਂ ਲਈ 2 ਰੁਪਏ ਅਤੇ 3 ਰੁਪਏ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਹੈ।
ਸੋਧੀਆਂ ਦਰਾਂ ਦੇ ਨਾਲ ਆਟੋ ਰਿਕਸ਼ਾ ਲਈ ਮੀਟਰ ਡਾਊਨ ਚਾਰਜ (1.5 ਕਿਲੋਮੀਟਰ ਲਈ ਬੇਸ ਕਿਰਾਇਆ) ਪਹਿਲਾਂ 25 ਰੁਪਏ ਤੋਂ ਵਧਾ ਕੇ 30 ਰੁਪਏ ਕਰ ਦਿੱਤਾ ਗਿਆ ਹੈ ਅਤੇ ਹੁਣ ਸਾਢੇ 9 ਰੁਪਏ ਦੀ ਬਜਾਏ 11 ਰੁਪਏ ਪ੍ਰਤੀ ਕਿਲੋਮੀਟਰ ਚਾਰਜ ਕੀਤਾ ਜਾਵੇਗਾ। ਹਾਲਾਂਕਿ ਰਾਤ ਦੇ ਚਾਰਜ (ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ) ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ ਅਤੇ ਇਸ ਨੂੰ ਪਹਿਲਾਂ ਦੀ ਤਰ੍ਹਾਂ 25 ਫੀਸਦੀ ਰੱਖਿਆ ਗਿਆ ਹੈ।
ਇਸੇ ਤਰ੍ਹਾਂ ਟੈਕਸੀਆਂ ਲਈ ਮੀਟਰ ਡਾਊਨ ਚਾਰਜ ਹੁਣ 25 ਦੀ ਬਜਾਏ 40 ਰੁਪਏ ਅਤੇ ਨਾਨ ਏਸੀ ਟੈਕਸੀਆਂ ਲਈ ਹੁਣ 14 ਦੀ ਬਜਾਏ 17 ਰੁਪਏ ਅਤੇ ਏਸੀ ਟੈਕਸੀਆਂ ਲਈ 16 ਦੀ ਬਜਾਏ 20 ਰੁਪਏ ਅਦਾ ਕਰਨੇ ਪੈਣਗੇ। ਇਸੇ ਤਰ੍ਹਾਂ ਟੈਕਸੀਆਂ ਲਈ ਰਾਤ ਦੇ ਚਾਰਜ (ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ) ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ ਅਤੇ ਇਸ ਨੂੰ ਪਹਿਲਾਂ ਵਾਂਗ 25 ਫੀਸਦੀ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਖਾਸ ਅੰਦਾਜ਼ ‘ਚ ਦਿੱਤੀ ਐਲਨ ਮਸਕ ਨੂੰ ਵਧਾਈ, ਪ੍ਰਗਟਾਈ ਇਹ ਉਮੀਦ
ਦੱਸ ਦੇਈਏ ਕਿ ਸੀ.ਐੱਨ.ਜੀ. ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਦਿੱਲੀ ਸਰਕਾਰ ਨੇ ਜੁਲਾਈ ਮਹੀਨੇ ਵਿੱਚ ਹੀ ਕਿਰਾਏ ਵਿੱਚ ਵਾਧੇ ਦੇ ਪ੍ਰਸਤਾਵ ਨੂੰ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਸੀ। ਸਰਕਾਰ ਨੇ ਅਪ੍ਰੈਲ ‘ਚ 13 ਮੈਂਬਰੀ ਕਿਰਾਇਆ ਸੋਧ ਕਮੇਟੀ ਬਣਾਈ ਸੀ। ਕਮੇਟੀ ਨੇ ਤਿੰਨ ਪਹੀਆ ਵਾਹਨਾਂ ਦੇ ਕਿਰਾਏ ਵਿੱਚ 1 ਰੁਪਏ ਪ੍ਰਤੀ ਕਿਲੋਮੀਟਰ ਅਤੇ ਟੈਕਸੀ ਕਿਰਾਏ ਵਿੱਚ 60 ਫੀਸਦੀ ਤੱਕ ਵਾਧੇ ਦੀ ਸਿਫਾਰਿਸ਼ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: