ਟਵਿੱਟਰ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਐਲਨ ਮਸਕ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ। ਬਲੂ ਟਿਕ ਲਈ ਚਾਰਜਿਸ ਦਾ ਐਲਾਨ ਕਰ ਚੁੱਕੇ ਹਨ। ਉਹ ਪਿਛਲੇ ਕੁਝ ਦਿਨਾਂ ਵਿੱਚ ਕੰਪਨੀ ਦੇ ਅੱਧੇ ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਚੁੱਕੇ ਹਨ। ਬਰਖਾਸਤ ਕੀਤੇ ਗਏ ਜ਼ਿਆਦਾਤਰ ਕਰਮਚਾਰੀ ਜਾਂ ਤਾਂ ਭਾਰਤੀ ਜਾਂ ਭਾਰਤੀ ਮੂਲ ਦੇ ਹਨ। ਟਵਿੱਟਰ ਦੇ ਬਾਨੀ ਜੈਕ ਡੋਰਸੀ ਨੇ ਐਲਨ ਮਸਕ ਦੀ ਕਾਰਵਾਈ ਵਿਚਾਲੇ ਸ਼ਨੀਵਾਰ ਨੂੰ ਜਨਤਕ ਤੌਰ ‘ਤੇ ਮੁਆਫੀ ਮੰਗੀ।
ਸ਼ਨੀਵਾਰ ਨੂੰ ਇੱਕ ਟਵੀਟ ਵਿੱਚ ਉਨ੍ਹਾਂ ਕਿਹਾ “ਜਿਨ੍ਹਾਂ ਲੋਕਾਂ ਨੇ ਪਹਿਲਾਂ ਅਤੇ ਹੁਣ ਟਵਿੱਟਰ ‘ਤੇ ਕੰਮ ਕੀਤਾ ਹੈ, ਉਹ ਬਹੁਤ ਪ੍ਰਤਿਭਾਸ਼ਾਲੀ ਹਨ। ਉਹ ਹਮੇਸ਼ਾ ਇੱਕ ਰਾਹ ਲੱਭ ਲੈਣਗੇ, ਚਾਹੇ ਕਿੰਨਾ ਵੀ ਔਖਾ ਸਮਾਂ ਹੋਵੇ। ਮੈਨੂੰ ਅਹਿਸਾਸ ਹੈ ਕਿ ਬਹੁਤ ਸਾਰੇ ਲੋਕ ਮੈਥੋਂ ਨਾਰਾਜ਼ ਹਨ। ਮੈਂ ਮੰਨਦਾ ਹਾਂ ਕਿ ਹਰ ਕੋਈ ਮੇਰੇ ਕਰਕੇ ਇਸ ਹਾਲਾਤ ‘ਚ ਹੈ। ਮੈਂ ਇਸ ਕੰਪਨੀ ਦੇ ਆਕਾਰ ਨੂੰ ਬਹੁਤ ਜਲਦੀ ਹੀ ਵੱਡਾ ਬਣਾ ਲਿਆ, ਇਸ ਦੇ ਲਈ ਸਭ ਤੋਂ ਮਾਫੀ ਮੰਗਦਾ ਹਾਂ।
ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਟਵਿਟਰ ਨੇ ਆਪਣੇ 7,500 ਕਰਮਚਾਰੀਆਂ ਵਿੱਚੋਂ ਅੱਧੇ ਨੂੰ ਬਰਖਾਸਤ ਕਰ ਦਿੱਤਾ ਸੀ। ਨਵੇਂ ਮਾਲਕ ਐਲਨ ਮਸਕ ਨੇ ਐਕਵਾਇਰ ਤੋਂ ਸਿਰਫ਼ ਇੱਕ ਹਫ਼ਤੇ ਬਾਅਦ ਕੰਪਨੀ ਵਿੱਚ ਵੱਡੀਆਂ ਤਬਦੀਲੀਆਂ ਪੇਸ਼ ਕੀਤੀਆਂ। ਰਿਪੋਰਟਾਂ ਮੁਤਾਬਕ ਅੰਦਰੂਨੀ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਲਗਭਗ 50 ਫੀਸਦੀ ਕਰਮਚਾਰੀ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਨੂੰ ਕੰਪਨੀ ਦੇ ਕੰਪਿਊਟਰਾਂ ਅਤੇ ਈਮੇਲ ਤੱਕ ਤੁਰੰਤ ਪਹੁੰਚ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਜਦੋਂ ਦੁਨੀਆ ਭਰ ਦੇ ਪੇਸ਼ੇਵਰਾਂ ਨੂੰ ਉਨ੍ਹਾਂ ਦੀਆਂ ਕੰਪਨੀਆਂ ਵੱਲੋਂ ਬਾਹਰ ਕੱਢਿਆ ਗਿਆ, ਤਾਂ ਇਹ ਟਵਿੱਟਰ ਸੀ, ਜਿਸ ਨੇ ਉਨ੍ਹਾਂ ਨੂੰ ਨਿਰਾਸ਼ਾ ਤੋਂ ਬਾਹਰ ਕੱਢਣ ਵਿੱਚ ਮਦਦ ਕੀਤੀ। ਹੁਣ ਸਿਰਫ ਟਵਿੱਟਰ ਦੇ ਕਰਮਚਾਰੀਆਂ ਨੂੰ ਬਾਹਰ ਹੋਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਆਦਮਪੁਰ ਗੜ੍ਹ ਦਾ ਫੈਸਲਾ ਅੱਜ, ਵੋਟਾਂ ਦੀ ਗਿਣਤੀ ਸ਼ੁਰੂ, ਡੇਢ ਵਜੇ ਤੱਕ ਆ ਸਕਦੇ ਨੇ ਨਤੀਜੇ
ਟਵਿੱਟਰ ਦੀ ਸੰਯੁਕਤ ਰਾਜ ਅਤੇ ਕੈਨੇਡਾ ਲਈ ਪਬਲਿਕ ਪਾਲਿਸੀ ਦੀ ਡਾਇਰੈਕਟਰ ਮਿਸ਼ੇਲ ਔਸਟਿਨ ਨੇ ਕਿਹਾ, “ਮੈਂ ਇਸ ਖ਼ਬਰ ਤੋਂ ਜਾਗਿਆ ਕਿ ਟਵਿੱਟਰ ‘ਤੇ ਕੰਮ ਕਰਨ ਦਾ ਮੇਰਾ ਸਮਾਂ ਖਤਮ ਹੋ ਗਿਆ ਹੈ। ਮੇਰਾ ਦਿਲ ਟੁੱਟ ਗਿਆ ਹੈ। ਮੈਂ ਇਸਨੂੰ ਸਵੀਕਾਰ ਨਹੀਂ ਕਰ ਸਕਦਾ। “
ਐਲਨ ਮਸਕ ਨੇ ਸ਼ੁੱਕਰਵਾਰ ਸ਼ਾਮ ਨੂੰ ਇਸ ਵਿਸ਼ੇ ‘ਤੇ ਆਪਣੀ ਪਹਿਲੀ ਟਿੱਪਣੀ ਵਿੱਚ ਟਵੀਟ ਕੀਤਾ, “ਟਵਿੱਟਰ ਕੋਲ ਬਦਕਿਸਮਤੀ ਨਾਲ ਸਟਾਫ ਨੂੰ ਕੱਢਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ। ਕੰਪਨੀ ਨੂੰ ਰੋਜ਼ਾਨਾ 4 ਮਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋ ਰਿਹਾ ਹੈ।”
ਵੀਡੀਓ ਲਈ ਕਲਿੱਕ ਕਰੋ -: