ਮਥੁਰਾ ਦੇ ਵ੍ਰਿੰਦਾਵਨ ਵਿੱਚ ਹੋਏ ਕਿਸ਼ਤੀ ਹਾਦਸੇ ਤੋਂ ਬਾਅਦ ਐਸਡੀਐਮ ਮਾਂਟ ਰਿਤੂ ਸਿਰੋਹੀ ਸੋਮਵਾਰ ਨੂੰ ਲੰਮੀ ਛੁੱਟੀ ‘ਤੇ ਚਲੇ ਗਏ। ਦੀਪਿਕਾ ਮੇਹਰ ਨੂੰ ਮਾਂਟ ਦਾ ਨਵੀਂ ਐਸਡੀਐਮ ਨਿਯੁਕਤ ਕੀਤਾ ਗਿਆ ਹੈ। ਹਾਦਸੇ ਤੋਂ ਬਾਅਦ ਰਿਤੂ ਸਿਰੋਹੀ ਦੀ ਪ੍ਰਸ਼ਾਸਨਿਕ ਲਾਪਰਵਾਹੀ ਬਾਰੇ ਕਈ ਸਵਾਲ ਉੱਠੇ। ਹਾਲਾਂਕਿ, ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਰਿਤੂ ਸਿਰੋਹੀ ਨਿੱਜੀ ਕਾਰਨਾਂ ਕਰਕੇ ਛੁੱਟੀ ‘ਤੇ ਗਏ ਹਨ ਅਤੇ ਇਸ ਦਾ ਹਾਦਸੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਇਸ ਦੌਰਾਨ ਹਾਦਸੇ ਤੋਂ ਬਾਅਦ ਚੌਥੇ ਦਿਨ ਵੀ ਖੋਜ ਮੁਹਿੰਮ ਜਾਰੀ ਹੈ। ਸਵੇਰੇ 8 ਵਜੇ ਯਮੁਨਾ ਨਦੀ ਵਿੱਚ ਦੋ ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਗਈਆਂ। ਹਾਦਸੇ ਵਾਲੀ ਥਾਂ ਤੋਂ 12 ਕਿਲੋਮੀਟਰ ਦੂਰ ਬੰਗਾਲੀ ਘਾਟ ਤੋਂ ਇੱਕ ਔਰਤ ਦੀ ਅਤੇ ਦੇਵਰਾ ਬਾਬਾ ਆਸ਼ਰਮ ਦੇ ਨੇੜੇ ਇੱਕ ਨੌਜਵਾਨ ਦੀ ਮ੍ਰਿਤਕ ਦੇਹ ਬਰਾਮਦ ਕੀਤੀ ਗਈ। ਪ੍ਰਸ਼ਾਸਨ ਮੁਤਾਬਕ ਮ੍ਰਿਤਕ ਦੇਹਾਂ ਫੁਲ ਕੇ ਉਪਰ ਆ ਗਈਆਂ ਸਨ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਪਛਾਣ ਕਰ ਲਈ ਹੈ।
ਨੌਜਵਾਨ ਦੀ ਪਛਾਣ ਯਸ਼ ਭੱਲਾ (22) ਵਜੋਂ ਹੋਈ ਹੈ, ਜੋ ਕਿ ਲੁਧਿਆਣਾ, ਪੰਜਾਬ ਦਾ ਰਹਿਣ ਵਾਲਾ ਹੈ। ਯਸ਼ ਪਹਿਲੀ ਵਾਰ ਵ੍ਰਿੰਦਾਵਨ ਆਇਆ ਸੀ। ਉਹ ਬਾਂਕੇ ਬਿਹਾਰੀ ਸਮੂਹ ਨਾਲ ਜੁੜਿਆ ਹੋਇਆ ਸੀ ਅਤੇ ਧਾਰਮਿਕ ਕੀਰਤਨ ਦੌਰਾਨ ਢੋਲਕ ਵਜਾਉਂਦਾ ਸੀ। ਕਿਸ਼ਤੀ ਪਲਟਣ ਤੋਂ ਪਹਿਲਾਂ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਯਸ਼ ਢੋਲਕ ਵਜਾਉਂਦਾ ਦਿਖਾਈ ਦੇ ਰਿਹਾ ਹੈ। ਯਸ਼ ਦਾ ਵੱਡਾ ਭਰਾ ਇੱਕ ਅਕਾਊਂਟੈਂਟ ਹੈ। ਉਸ ਦੀ ਮਾਂ ਸੁਨੀਤਾ ਇੱਕ ਹਾਊਸ ਵਾਈਫ ਹੈ। ਉਸਦੇ ਪਿਤਾ ਰੇਹੜੀ ਫੜੀ ਲਾ ਕੇ ਕੱਪੜੇ ਵੇਚਦੇ ਹਨ।
ਉਥੇ ਹੀ ਔਰਤ ਦੀ ਪਛਾਣ ਮੋਨਿਕਾ ਟੰਡਨ, ਦੁੱਗਰੀ, ਲੁਧਿਆਣਾ ਵਜੋਂ ਹੋਈ ਹੈ। ਉਹ ਆਪਣੀ ਸੱਸ ਸਵਿਤਾ ਨਾਲ ਆਈ ਸੀ। ਉਸ ਦਾ ਵਿਆਹ ਛੇ ਮਹੀਨੇ ਪਹਿਲਾਂ ਹੀ ਹੋਇਆ ਸੀ। ਉਸਦਾ ਪਤੀ ਵਿਦੇਸ਼ ਵਿੱਚ ਸੀ ਅਤੇ ਉਹ ਵੀ ਜਲਦੀ ਹੀ ਜਾਣ ਵਾਲੀ ਸੀ। ਹਾਦਸੇ ਵਾਲੇ ਦਿਨ, ਉਹ ਇੱਕ ਗੁਆਂਢੀ ਡਿੰਕੀ ਨਾਲ ਕਿਸ਼ਤੀ ਵਿੱਚ ਬੈਠੀ ਸੀ। ਡਿੰਕੀ ਦੀ ਮ੍ਰਿਤਕ ਦੇਹ ਕੱਲ੍ਹ ਬਰਾਮਦ ਹੋਈ ਸੀ। ਇੱਕ ਹੋਰ ਸ਼ਰਧਾਲੂ ਪੰਕਜ ਮਲਹੋਤਰਾ (40) ਅਜੇ ਵੀ ਲਾਪਤਾ ਹੈ। ਪੰਕਜ ਹਿਮਾਚਲ ਪ੍ਰਦੇਸ਼ ਵਿੱਚ ਇੱਕ ਸਟੀਲ ਕੰਪਨੀ ਵਿੱਚ ਮੈਨੇਜਰ ਸੀ।
ਇਸ ਹਾਦਸੇ ਵਿਚ ਹੁਣ ਤੱਕ 15 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਫੌਜ, ਐਨਡੀਆਰਐਫ ਅਤੇ ਐਸਡੀਆਰਐਫ ਸਮੇਤ ਲਗਭਗ 200 ਜਵਾਨਾਂ ਦੀ ਇੱਕ ਟੀਮ ਇਸ ਕਾਰਵਾਈ ਵਿੱਚ ਲੱਗੀ ਹੋਈ ਹੈ। ਟੀਮ 20 ਕਿਲੋਮੀਟਰ ਦੇ ਘੇਰੇ ਵਿੱਚ ਲਾਪਤਾ ਸ਼ਰਧਾਲੂ ਦੀ ਭਾਲ ਕਰ ਰਹੀ ਹੈ।
ਦੱਸ ਦੇਈਏ ਕਿ ਸ਼ੁੱਕਰਵਾਰ ਦੁਪਹਿਰ 3 ਵਜੇ 38 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ। ਇਹ ਹਾਦਸਾ ਸ਼੍ਰੀ ਬਾਂਕੇ ਬਿਹਾਰੀ ਮੰਦਰ ਤੋਂ 2 ਕਿਲੋਮੀਟਰ ਦੂਰ ਕੇਸੀ ਘਾਟ ‘ਤੇ ਵਾਪਰਿਆ। ਪੁਲਿਸ ਨੇ ਦੋਸ਼ੀ ਕਿਸ਼ਤੀ ਚਾਲਕ ਪੱਪੂ ਨਿਸ਼ਾਦ ਅਤੇ ਪੋਂਟੂਨ ਪੁਲ ਠੇਕੇਦਾਰ ਨਾਰਾਇਣ ਸ਼ਰਮਾ ਨੂੰ ਜੇਲ੍ਹ ਭੇਜ ਦਿੱਤਾ ਹੈ। ਪੱਪੂ ਨੇ ਆਪਣੀ ਕਿਸ਼ਤੀ ‘ਤੇ ਜੁਗਲ ਘਾਟ ਤੋਂ ਸ਼ਰਧਾਲੂਆਂ ਨੂੰ ਬਿਠਾਇਆ ਸੀ।
ਵੀਡੀਓ ਲਈ ਕਲਿੱਕ ਕਰੋ -:











