ਪੰਜਾਬ ਵਿਚ ਹੜ੍ਹ ਦਾ ਪਾਣੀ ਹੌਲੀ-ਹੌਲੀ ਉਤਰਨ ਲੱਗਾ ਹੈ ਪਰ ਅਜੇ ਵੀ 14 ਜ਼ਿਲ੍ਹਿਆਂ ਦੇ ਲਗਭਗ 115 ਪਿੰਡ ਹੜ੍ਹ ਦੀ ਲਪੇਟ ਵਿਚ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ 60 ਪਿੰਡ ਜਲੰਧਰ ਜ਼ਿਲ੍ਹੇ ਦੇ ਹਨ। ਇਸ ਤੋਂ ਇਲਾਵਾ ਸੰਗਰੂਰ ਵਿਚ 16, ਫਿਰੋਜ਼ਪੁਰ ‘ਚ 15, ਫਾਜ਼ਿਲਕਾ ਦੇ 10 ਪਿੰਡਾਂ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੇ ਲਗਭਗ 15 ਪਿੰਡ ਹੜ੍ਹ ਦੇ ਪ੍ਰਭਾਵ ਤੋਂ ਬਾਹਰ ਨਹੀਂ ਆ ਸਕੇ ਹਨ।
ਸਰਕਾਰ ਨੂੰ ਮਾਲੀਆ ਵਿਭਾਗ ਤੋਂ ਮਿਲੀ ਰਿਪੋਰਟ ਮੁਤਾਬਕ ਹੁਣ ਤੱਕ ਮੀਂਹ ਤੇ ਹੜ੍ਹ ਕਾਰਨ 29 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਤਿੰਨ ਲਾਪਤਾ ਹਨ। 25000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਚੁੱਕਾ ਹੈ ਜਦੋਂ ਕਿ 3300 ਤੋਂ ਵੱਧ ਲੋਕ ਵੱਖ-ਵੱਖ ਰਾਹਤ ਕੈਂਪਾਂ ਵਿਚ ਰੁਕੇ ਹਨ।
ਸ਼ਨੀਵਾਰ ਨੂੰ ਫਿਰੋਜ਼ਪੁਰ ਵਿਚ ਇਕ ਨੌਜਵਾਨ ਤੇ ਪਟਿਆਲਾ ਵਿਚ ਇਕ ਦੀ ਡੁੱਬਣ ਨਾਲ ਮੌਤ ਹੋ ਗਈ। ਫਿਰੋਜ਼ਪੁਰ ਦੇ ਪਿੰਡ ਨੌਬ ਬਹਿਰਾਮ ਸ਼ੇਰ ਸਿੰਘ ਵਾਲਾ ਵੱਲੋਂ ਸਤਲੁਜ ‘ਤੇ ਬਣੇ ਪੁਲ ਦੇ ਉਪਰ ਤੋਂ ਵਹਿ ਰਹੇ ਪਾਣੀ ਵਿਚ ਪੈਰ ਫਿਸਲਣ ਨਾਲ ਇਕ ਨੌਜਵਾਨ ਨਦੀ ਵਿਚ ਡਿੱਗ ਗਿਆ। ਜਦੋਂ ਨੌਜਵਾਨ ਖੁਦ ਨੂੰ ਬਚਾਉਣ ਲਈ ਹੱਥ-ਪੈਰ ਚਲਾ ਰਿਹਾ ਸੀ ਤਾਂ ਬਾਹਰ ਖੜ੍ਹੇ ਲੋਕ ਉਸ ਦੇ ਵੀਡੀਓ ਬਣਾ ਰਹੇ ਸਨ।
ਮ੍ਰਿਤਕ ਦੀ ਪਛਾਣ ਜਗਦੀਸ਼ ਸਿੰਘ ਵਜੋਂ ਹੋਈ ਹੈ। ਇਸੇ ਤਰ੍ਹਾਂ ਪਟਿਆਲਾ ਦੀ ਵੱਡੀ ਨਦੀ ਦੇ ਕਿਨਾਰੇ 16 ਸਾਲ ਦੇ ਲੜਕਾ ਮਾਂਗਵ ਦਾ ਪੈਰ ਫਿਸਲਣ ਕਾਰਨ ਨਦੀ ਵਿਚ ਜਾ ਡਿੱਗਾ ਤੇ ਡੁੱਬਣ ਨਾਲ ਉਸ ਦੀ ਮੌਤ ਹੋ ਗਈ। ਮੌਕੇ ‘ਤੇ ਮੌਜੂਦ ਉਸ ਦੇ ਦੋਸਤ ਆਯੂਸ਼ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕਿਆ। ਬਾਅਦ ਵਿਚ ਲੜਕੇ ਦੀ ਮ੍ਰਿਤਕ ਦੇਹ ਨੂੰ ਬਰਾਮਦ ਕਰ ਲਿਆ ਗਿਆ। ਮ੍ਰਿਤਕ ਦੀ ਪਛਾਣ ਮਾਂਗਵ ਵਾਸੀ ਢੇਹਾ ਬਸਤੀ ਨੇੜੇ ਨੇਪਾਲ ਕਾਲੋਨੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਬੀਮਾਰ ਚੀਤਾ ਵੇਖ ਇਲਾਜ ਕਰਵਾਉਣ ਲਈ ਬਾਈਕ ਪਿੱਛੇ ਬੰਨ੍ਹ ਲੈ ਤੁਰਿਆ ਕਿਸਾਨ, ਲੋਕ ਹੈਰਾਨ
ਦੱਸ ਦੇਈਏ ਕਿ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ ਤੇ ਬਠਿੰਡਾ ਨੂੰ ਛੱਡ ਕੇ ਹੋਰ ਜ਼ਿਲ੍ਹਿਆਂ ਵਿਚ ਹਲਕੇ ਤੋਂ ਭਾਰੀ ਮੀਂਹ ਪੈਣ ਦੇ ਆਸਾਰ ਹਨ। ਐਤਵਾਰ ਨੂੰ ਹਲਕੀ ਜਦੋਂ ਕਿ ਸੋਮਵਾਰ ਤੋਂ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: